ਕਲਾਨੌਰ, 17 ਜੁਲਾਈ (ਪੁਰੇਵਾਲ)-ਨੇੜਲੇ ਪਿੰਡ ਰੋਸਾ 'ਚ ਸਥਿਤ ਪਰਮਹੰਸ ਬਾਬਾ ਠਾਕੁਰ ਦੇ ਪਵਿੱਤਰ ਅਸਥਾਨ ਗੁਰਦੁਆਰਾ ਸਾਹਿਬ ਨੇੜੇ ਸੰਗਤਾਂ ਦੀ ਆਮਦ ਦੇ ਮੱਦੇਨਜ਼ਰ ਵਿਸ਼ਾਲ ਦੀਵਾਨ ਹਾਲ ਦੇ ਨਿਰਮਾਣ ਕਾਰਜਾਂ ਦੀ ਕਾਰ ਸੇਵਾ ਸ਼ੁਰੂ ਕੀਤੀ ਗਈ, ਜਿਸ 'ਚ ਪਿੰਡ ਤੇ ਇਲਾਕੇ ਦੀਆਂ ਵੱਡੀ ਗਿਣਤੀ ਸੰਗਤਾਂ ਸੇਵਾਵਾਂ ਨਿਭਾ ਰਹੀਆਂ ਹਨ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਪ੍ਰਧਾਨ ਨਿਰਮਲ ਸਿੰਘ ਨੇ ਸੰਗਤਾਂ ਸਮੇਤ ਦੱਸਿਆ ਕਿ ਪਰਮਹੰਸ ਬਾਬਾ ਠਾਕੁਰ ਜੀ ਦੇ ਆਸ਼ੀਰਵਾਦ ਨਾਲ ਗੁਰਦੁਆਰਾ ਸਾਹਿਬ 'ਚ 10 ਹਜ਼ਾਰ ਸਕੇਅਰ ਫੁੱਟ ਵੱਡੇ ਦੀਵਾਨ ਹਾਲ ਦਾ ਕਾਰਜ ਸੁਰੂ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਦਿਨ-ਪ੍ਰਤੀ-ਦਿਨ ਸੰਗਤਾਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਸਹੂਲਤ ਲਈ ਦੀਵਾਨ ਹਾਲ ਤਿਆਰ ਕਰਵਾਇਆ ਜਾ ਰਿਹਾ ਹੈ, ਜਿਸ ਲਈ ਗੁਰਦੁਆਰਾ ਸਾਹਿਬ ਨੇੜੇ ਜਗ੍ਹਾ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਇਨ੍ਹਾਂ ਕਾਰਜਾਂ 'ਚ ਪਿੰਡ ਦੀਆਂ ਸੰਗਤਾਂ ਸਮੇਤ ਬਾਹਰਲੀਆਂ ਸੰਗਤਾਂ ਵੀ ਦਸਵੰਧ ਭੇਜ ਰਹੀਆਂ ਹਨ | ਪ੍ਰਧਾਨ ਨਿਰਮਲ ਸਿੰਘ ਸਮੇਤ ਸੰਗਤਾਂ ਨੇ ਦੇਸ਼-ਵਿਦੇਸ਼ਾਂ ਦੀਆਂ ਸੰਗਤਾਂ ਨੂੰ ਇਸ ਨਿਰਮਾਣ ਕਾਰਜਾਂ ਦੀ ਕਾਰ ਸੇਵਾ 'ਚ ਹਿੱਸਾ ਪਾਉਣ ਦੀ ਅਪੀਲ ਕੀਤੀ ਹੈ | ਇਸ ਮੌਕੇ ਗ੍ਰੰਥੀ ਹਰਬੰਸ ਸਿੰਘ, ਬਲਰਾਜ ਸਿੰਘ, ਪਰਮਜੀਤ ਸਿੰਘ, ਸੁਖਦੇਵ ਸਿੰਘ, ਪਰਮਜੀਤ ਸਿੰਘ ਸਿੱਧੂ, ਭਜਨ ਸਿੰਘ, ਰਣਜੀਤ ਸਿੰਘ ਯੂ.ਪੀ. ਵਾਲੇ, ਲੱਖਾ ਸਿੰਘ, ਸਤਨਾਮ ਸਿੰਘ, ਹਰਦੀਪ ਸਿੰਘ ਮਿਸਤਰੀ, ਸੁਖਦੇਵ ਸਿੰਘ, ਜਗਦੀਪ ਸਿੰਘ, ਕਸ਼ਮੀਰ ਸਿੰਘ, ਸੰਤੋਖ ਸਿੰਘ, ਪ੍ਰਦੀਪ ਸਿੰਘ, ਆਗਿਆਪਾਲ ਸਿੰਘ ਸਮੇਤ ਹੋਰ ਸੇਵਾਦਾਰ ਵੀ ਹਾਜ਼ਰ ਰਹੇ |