ਘੁਮਾਣ, 17 ਜੁਲਾਈ (ਬੰਮਰਾਹ)-ਪੰਜਾਬ ਸਰਕਾਰ ਦੀਆਂ ਅਧਿਆਪਕ ਮਾਰੂ ਨੀਤੀਆਂ ਅਤੇ ਸਿਆਸੀ ਦਖਲ ਅੰਦਾਜ਼ੀ ਦੇ ਵਿਰੋਧ 'ਚ ਘੁਮਾਣ ਵਿਖੇ ਬਲਾਕ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਸਮੁੱਚੇ ਅਧਿਆਪਕਾਂ ਵਲੋਂ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਬਲਾਕ ਪ੍ਰਧਾਨ ਜਗਤਾਰ ਸਿੰਘ ਬੇਦੀ, ਸਕੱਤਰ ਜਗਦੇਵ ਸਿੰਘ ਬੱਲ ਤੇ ਹੋਰ ਅਧਿਆਪਕਾਂ ਨੇ ਦੱਸਿਆ ਕਿ ਸਾਂਝਾ ਅਧਿਆਪਕ ਮੋਰਚਾ ਦੇ ਸੁਨੇਹੇ 'ਤੇ ਐਲੀਮੈਂਟਰੀ ਟੀਚਰ ਯੂਨੀਅਨ ਦੇ ਸਮੁੱਚੇ ਅਧਿਆਪਕਾਂ ਵਲੋਂ ਸਰਕਾਰ ਦੀਆਂ ਅਧਿਆਪਕ ਮਾਰੂ ਨੀਤੀਆਂ ਦੇ ਵਿਰੋਧ ਵਿਚ ਕਾਲੇ ਬਿੱਲੇ ਲਗਾ ਕੇ ਆਪਣਾ ਰੋਸ ਜਾਹਿਰ ਕੀਤਾ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ 6635 ਅਧਿਆਪਕਾਂ ਨੂੰ ਕੇਂਦਰ ਦੀ ਬਜਾਏ ਪੰਜਾਬ ਦਾ ਗ੍ਰੇਡ ਦੇਣ ਦੇ ਨਾਲ-ਨਾਲ ਸਿਆਸੀ ਦਖ਼ਲ ਅੰਦਾਜ਼ੀ, ਗੈਰ ਵਿਦਿਅਕ ਕੰਮ ਲੈਣ, ਬੇਲੋੜੇ ਅੰਕੜੇ, ਕੱਚੇ ਅਧਿਆਪਕਾਂ ਨੂੰ ਪੂਰਾ ਗ੍ਰੇਡ ਅਤੇ ਪੱਕੇ ਕਰਨ ਦੇ ਨਾਲ-ਨਾਲ ਹੋਰ ਕਈ ਅਹਿਮ ਮਸਲਿਆਂ ਕਰ ਕੇ ਇਹ ਵਿਰੋਧ ਪ੍ਰਦਰਸ਼ਨ ਕੀਤਾ ਗਿਆ | ਉਨ੍ਹਾਂ ਕਿਹਾ ਕਿ ਪੰਜਾਬ ਦੇ ਸਮੁੱਚੇ ਅਧਿਆਪਕ ਇਕ ਮੰਚ 'ਤੇ ਹਨ | ਇਸ ਮੌਕੇ ਬਲਾਕ ਪ੍ਰਧਾਨ ਜਗਤਾਰ ਸਿੰਘ ਬੇਦੀ, ਸਕੱਤਰ ਜਗਦੇਵ ਸਿੰਘ ਬੱਲ, ਰਣਜੋਤ ਸਿੰਘ ਸ਼ਾਹ, ਸਤਨਾਮ ਸਿੰਘ, ਜਸਬੀਰ ਕੌਰ, ਸਤਿੰਦਰ ਕੌਰ, ਸਾਕਸ਼ੀ, ਦੀਪਕਾ, ਕਵਲਜੀਤ ਕੌਰ, ਪ੍ਰੀਤਇੰਦਰ ਕੌਰ, ਮਨਪ੍ਰੀਤ ਕੌਰ, ਹਰਜਿੰਦਰ ਕੌਰ ਆਦਿ ਅਧਿਆਪਕ ਹਾਜ਼ਰ ਸਨ |