ਬਟਾਲਾ, 17 ਜੁਲਾਈ (ਰਾਕੇਸ਼ ਰੇਖੀ)-ਖ਼ਰੀਦਦਾਰੀ ਕਰਨ ਲਈ ਫ਼ਤਹਿਗੜ੍ਹ ਚੂੜੀਆਂ ਦੇ ਮੇਨ ਬਾਜ਼ਾਰ ਵਿਚ ਆਈ ਲੜਕੀ ਦੀ ਸਕੂਟੀ ਦੀ ਡਿੱਗੀ ਤੋੜ ਕੇ ਪਰਸ ਚੋਰੀ ਕਰ ਲਿਆ ਗਿਆ | ਪਰਸ ਵਿਚ 10 ਹਜ਼ਾਰ ਰੁਪਏ ਤੇ ਜ਼ਰੂਰੀ ਕਾਗਜ਼ਾਤ ਸਨ | ਥਾਣਾ ਫ਼ਤਹਿਗੜ੍ਹ ਚੂੜੀਆਂ ਦੇ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪ੍ਰਭਪ੍ਰੀਤ ਕੌਰ ਵਾਸੀ ਸੰਗਤਪੁਰਾ (ਅੰਮਿ੍ਤਸਰ) ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਫ਼ਤਹਿਗੜ੍ਹ ਚੂੜੀਆਂ ਦੇ ਅਜ਼ਨਾਲਾ ਰੋਡ 'ਤੇ ਇਕ ਬੁਟੀਕ ਵਿਚ ਕੰਮ ਕਰਨ ਲਈ ਰੋਜ਼ ਆਉਂਦੀ ਹੈ | ਦੁਪਹਿਰ ਕਰੀਬ 12 ਵਜੇ ਉਹ ਬੁਟੀਕ ਤੋਂ ਛੁੱਟੀ ਕਰਕੇ ਘਰੇਲੂ ਖ਼ਰੀਦਦਾਰੀ ਕਰਨ ਲਈ ਮੇਨ ਬਾਜ਼ਾਰ ਵਿਚ ਇਕ ਦੁਕਾਨ 'ਤੇ ਆਈ ਸੀ | ਥੋੜ੍ਹੀ ਦੇਰ ਬਾਅਦ ਜਦੋਂ ਉਹ ਦੁਕਾਨ ਤੋਂ ਬਾਹਰ ਆਈ ਤਾਂ ਦੇਖਿਆ ਕਿ ਉਸ ਦੀ ਖੜੀ ਕੀਤੀ ਗਈ ਸਕੂਟੀ ਦੀ ਡਿੱਗੀ ਟੁੱਟੀ ਹੋਈ ਸੀ ਤੇ ਉਸ ਵਿਚ ਉਸ ਦਾ ਪਰਸ ਨਹੀਂ ਸੀ | ਪਰਸ ਵਿਚ 10 ਹਜ਼ਾਰ ਰੁਪਏ, ਬੈਂਕਾਂ ਦੇ ਏ.ਟੀ.ਐੱਮ., ਪੈਨ ਕਾਰਡ, ਵੋਟਰ ਕਾਰਡ ਅਤੇ ਸਕੂਟੀ ਦੀ ਆਰ.ਸੀ. ਪਈ ਹੋਈ ਸੀ | ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਜਾਂਚ ਕਰ ਕੇ ਨਾਮਾਲੂਮ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |