ਗੁਰਦਾਸਪੁਰ, 17 ਜੁਲਾਈ (ਚੱਕਰਾਜਾ)-ਕਸਬਾ ਦੋਰਾਂਗਲਾ ਅਧੀਨ ਪੈਂਦੇ ਕਈ ਪਿੰਡਾਂ ਤੇ ਸੰਸਥਾਵਾਂ ਨੰੂ ਜਾਣ ਵਾਲੀ ਇਕਲੌਤੀ ਸੜਕ ਦੀ ਖ਼ਸਤਾ ਹਾਲਤ ਨੰੂ ਲੈ ਕੇ ਦੋਰਾਂਗਲਾ ਦੀ ਸਮੂਹ ਮਾਰਕੀਟ ਵਲੋਂ ਸਾਂਝੇ ਤੌਰ 'ਤੇ ਅੱਜ 18 ਜੁਲਾਈ ਨੰੂ ਸਵੇਰੇ 10 ਵਜੇ ਅੱਡਾ ਦੋਰਾਂਗਲਾ ਵਿਖੇ ਵਿਸ਼ਾਲ ਧਰਨਾ ਦਿੱਤਾ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਲਾਕਾ ਵਾਸੀਆਂ ਨੇ ਦੱਸਿਆ ਕਿ ਇਸ ਕਸਬੇ ਦੇ ਸਾਰੇ ਪਿੰਡਾਂ ਦੀਆਂ ਸਾਂਝੀਆਂ ਸੰਸਥਾਵਾਂ ਜਿਵੇਂ ਸਰਕਾਰੀ ਹਸਪਤਾਲ, ਸਰਕਾਰੀ ਸਕੂਲ, ਪੁਲਿਸ ਥਾਣਾ, ਗੈਸ ਏਜੰਸੀ, ਸ਼ਮਸ਼ਾਨਘਾਟ ਅਤੇ ਹੋਰ ਪਿੰਡਾਂ ਨੰੂ ਜਾਣ ਵਾਲੀ ਇਸ ਸੜਕ ਦੀ ਹਾਲਤ ਬੇਹੱਦ ਖਸਤਾ ਹੋਈ ਪਈ ਹੈ, ਜਿਸ ਵੱਲ ਕਿਸੇ ਵਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ | ਜਿਸ ਕਾਰਨ ਇਲਾਕਾ ਵਾਸੀਆਂ ਨੰੂ ਇਸ ਖਸਤਾ ਹਾਲਤ ਸੜਕ ਤੋਂ ਲੰਘਣਾ ਮੁਸ਼ਕਿਲ ਹੋ ਗਿਆ ਹੈ, ਕਿਉਂਕਿ ਬਰਸਾਤਾਂ ਦੇ ਦਿਨਾਂ ਵਿਚ ਇਸ ਸੜਕ ਦਾ ਹੋਰ ਵੀ ਬੁਰਾ ਹਾਲ ਹੋ ਜਾਂਦਾ ਹੈ, ਜਿਸ ਨਾਲ ਵਾਹਨ ਲੰਘਾਉਣਾ ਤਾਂ ਦੂਰ ਦੀ ਗੱਲ, ਪੈਦਲ ਚੱਲਣਾ ਵੀ ਮੁਸ਼ਕਿਲ ਹੋ ਜਾਂਦਾ ਹੈ | ਅੱਡਾ ਦੋਰਾਂਗਲਾ ਦੀ ਸਮੂਹ ਮਾਰਕੀਟ ਵਲੋਂ ਇਲਾਕਾ ਵਾਸੀਆਂ ਨੰੂ ਇਸ ਧਰਨੇ ਵਿਚ ਵੱਧ ਚੜ੍ਹ ਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਇਸ ਖਸਤਾ ਹਾਲਤ ਸੜਕ ਦੀ ਹਾਲਤ ਸੁਧਾਰਨ ਲਈ ਸਰਕਾਰ ਤੱਕ ਆਵਾਜ਼ ਪਹੁੰਚ ਸਕੇ |