ਗੁਰਦਾਸਪੁਰ, 16 ਜੁਲਾਈ (ਪੰਕਜ ਸ਼ਰਮਾ)-ਪੰਡਿਤ ਮੋਹਨ ਲਾਲ ਐਸ.ਡੀ. ਕਾਲਜ ਫ਼ਾਰ ਵੁਮੈਨ ਗੁਰਦਾਸਪੁਰ ਦੇ ਪ੍ਰਧਾਨ ਸਵਰਗਵਾਸੀ ਉਪਕਾਰ ਕਿ੍ਸ਼ਨ ਸ਼ਰਮਾ ਨੂੰ ਐਸ.ਡੀ. ਫੈਮਲੀ ਨੇ ਨਿੱਘੀ ਸ਼ਰਧਾਂਜਲੀ ਦਿੱਤੀ | ਇਸ ਮੌਕੇ ਕਾਲਜ ਪਿ੍ੰਸੀਪਲ ਡਾ: ਨੀਰੂ ਸ਼ਰਮਾ ਨੇ ਕਿਹਾ ਕਿ ਕਾਲਜ ਪ੍ਰਧਾਨ ਸਵ: ਉਪਕਾਰ ਕਿ੍ਸ਼ਨ ਸ਼ਰਮਾ ਨੇ ਆਪਣੇ ਪਿਤਾ ਪੰਡਿਤ ਮੋਹਨ ਲਾਲ ਦੇ ਨਕਸ਼ੇ ਕਦਮਾਂ 'ਤੇ ਚੱਲਦਿਆਂ ਇਸ ਸੰਸਥਾ ਨੂੰ ਬੁਲੰਦੀਆਂ ਉੱਪਰ ਲੈ ਕੇ ਜਾਣ ਦਾ ਬੀੜਾ ਚੁੱਕਦਿਆਂ ਕਾਲਜ ਦਾ ਨਵੀਨੀਕਰਨ ਕੀਤਾ ਅਤੇ ਆਧੁਨਿਕਤਾ ਦੇ ਹਾਣ ਦਾ ਬਣਾਉਣ ਲਈ ਨਵੇਂ-ਨਵੇਂ ਕੋਰਸ ਸ਼ੁਰੂ ਕਰਵਾਏ | ਕਾਲਜ ਅੰਦਰ ਕਿੱਤਾ ਮੁਖੀ ਕੋਰਸਾਂ ਤੋਂ ਇਲਾਵਾ ਉੱਚ ਸਿੱਖਿਆ ਨਾਲ ਸੰਬੰਧਿਤ ਕੋਰਸ ਵੀ ਸ਼ੁਰੂ ਕਰਵਾਏ | ਉਨ੍ਹਾਂ ਕਿਹਾ ਕਿ ਇਸ ਇਲਾਕੇ ਦੀ ਹਰ ਲੜਕੀ ਨੂੰ ਸਿੱਖਿਅਕ ਕਰਨ ਲਈ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ | ਉਨ੍ਹਾਂ ਕਿਹਾ ਕਿ ਮੈਰਿਟ ਵਿਚ ਸ਼ਾਮਿਲ ਵਿਦਿਆਰਥਣਾਂ, ਅੰਤਰਰਾਸ਼ਟਰੀ ਤੇ ਰਾਸ਼ਟਰੀ ਪੱਧਰ ਦੀਆਂ ਖਿਡਾਰਨਾਂ, ਬਿਨਾਂ ਮਾਪਿਆਂ ਵਿਦਿਆਰਥਣਾਂ, ਜ਼ਰੂਰਤਮੰਦ ਵਿਦਿਆਰਥਣਾਂ ਅਤੇ ਸਰਕਾਰ ਵਲੋਂ ਜੋ ਸਕਾਲਰਸ਼ਿਪ ਸਕੀਮ ਦਿੱਤੀਆਂ ਜਾਂਦੀਆਂ ਹਨ, ਉਨ੍ਹਾਂ ਸਭ ਨੂੰ ਮੁੱਖ ਰੱਖਦਿਆਂ ਹੋਇਆਂ ਹੋਰ ਵੀ ਬਹੁਤ ਸਾਰੇ ਸਕਾਲਰਸ਼ਿਪ ਦਿੱਤੇ ਜਾਂਦੇ ਹਨ | ਇਸ ਸਾਰੇ ਕੰਮ ਦਾ ਸਿਹਰਾ ਸਵ: ਉਪਕਾਰ ਕਿ੍ਸ਼ਨ ਸ਼ਰਮਾ ਨੂੰ ਜਾਂਦਾ ਹੈ, ਜਿਨ੍ਹਾਂ ਨੇ ਸਮੇਂ ਸਮੇਂ 'ਤੇ ਇਸ ਸੰਸਥਾ ਦੀ ਰਹਿਨੁਮਾਈ ਕੀਤੀ | ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਇਸ ਸੰਸਥਾ ਦੀਆਂ ਅਕਾਦਮਿਕ, ਸੱਭਿਆਚਾਰਕ ਗਤੀਵਿਧੀਆਂ ਅਤੇ ਖੇਡਾਂ ਦੇ ਖੇਤਰ ਵਿਚ ਅੱਵਲ ਮੱਲਾਂ ਮਾਰਦਿਆਂ ਗੁਰਦਾਸਪੁਰ ਦੀ ਇਸ ਸੰਸਥਾ ਨੂੰ ਹਰਮਨ ਪਿਆਰਾ ਬਣਾਇਆ | ਉਨ੍ਹਾਂ ਨੇ ਇਸ ਖੇਤਰ ਵਿਚ ਲੜਕੀਆਂ ਦੀ ਸਿੱਖਿਆ ਲਈ ਜੋ ਯੋਗਦਾਨ ਦਿੱਤਾ ਹੈ, ਇਹ ਗੁਰਦਾਸਪੁਰ ਦਾ ਇਲਾਕਾ ਹਮੇਸ਼ਾ ਆਭਾਰੀ ਰਹੇਗਾ | ਉਨ੍ਹਾਂ ਕਿਹਾ ਕਿ ਭਾਵੇਂ ਉਹ ਸਰੀਰਕ ਪੱਖੋਂ ਸਾਡੇ ਵਿਚ ਮੌਜੂਦ ਨਹੀਂ ਹਨ, ਪਰ ਉਨ੍ਹਾਂ ਦੇ ਕੀਤੇ ਕੰਮਾਂ ਲਈ ਉਹ ਸਦਾ ਯਾਦ ਰਹਿਣਗੇ | ਇਸ ਸ਼ਰਧਾਂਜਲੀ ਸਮਾਗਮ ਵਿਚ ਕਾਲਜ ਪਿ੍ੰਸੀਪਲ ਡਾ: ਨੀਰੂ ਸ਼ਰਮਾ, ਕਾਲਜ ਸਟਾਫ਼, ਦਫਤਰ ਸਟਾਫ਼, ਵਿਦਿਆਰਥੀਆਂ ਅਤੇ ਸਹਾਇਕ ਕਰਮਚਾਰੀਆਂ ਵਲੋਂ ਸਾਂਝੇ ਤੌਰ 'ਤੇ ਫੁੱਲ ਭੇਟ ਕਰਕੇ ਨਿੱਘੀ ਸ਼ਰਧਾਂਜਲੀ ਕੀਤੀ |