ਪਠਾਨਕੋਟ, 16 ਜੁਲਾਈ (ਸੰਧੂ)-ਸਿਵਲ ਹਸਪਤਾਲ ਪਠਾਨਕੋਟ ਨੇ ਨੈਸ਼ਨਲ ਕੰਟਰੋਲ ਆਫ਼ ਬਲਾਇੰਡਨੈਸ ਮੁਹਿੰਮ ਤਹਿਤ ਇਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ | ਜਿਸ ਵਿਚ ਸਥਾਨਿਕ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਅਤੇ ਪਿ੍ੰਸੀਪਲਾਂ ਨੂੰ ਅੱਖਾਂ ਦੀ ਸਿਹਤ ਅਤੇ ਅੱਖਾਂ ਦੀਆਂ ਬਿਮਾਰੀਆਂ ਦੀ ਰੋਕਥਾਮ ਬਾਰੇ ਜਾਗਰੂਕ ਕੀਤਾ ਗਿਆ | ਸੈਮੀਨਾਰ ਵਿਚ ਮੁੱਖ ਤੌਰ 'ਤੇ ਸ਼ਾਮਿਲ ਐਸ.ਐਮ.ਓ. ਡਾ: ਸੁਨੀਲ ਚੰਦ ਨੇ ਕਿਹਾ ਕਿ ਸੈਮੀਨਾਰ ਦਾ ਉਦੇਸ਼ ਸਕੂਲੀ ਬੱਚਿਆਂ ਵਿਚ ਅੱਖਾਂ ਦੀਆਂ ਸਮੱਸਿਆਵਾਂ ਦੀ ਸਮੇਂ ਸਿਰ ਪਹਿਚਾਣ ਕਰਨਾ ਅਤੇ ਉਨ੍ਹਾਂ ਦਾ ਸਹੀ ਇਲਾਜ ਕਰਵਾਉਣਾ ਹੈ | ਸੈਮੀਨਾਰ ਵਿਚ ਅੱਖਾਂ ਦੇ ਮਾਹਿਰ ਡਾ: ਗੌਰਵ ਨੇ ਅਧਿਆਪਕਾਂ ਨੂੰ ਦੱਸਿਆ ਕਿ ਬੱਚਿਆਂ ਦੀਆਂ ਅੱਖਾਂ ਦੀ ਸਿਹਤ ਲਈ ਨਿਯਮਿਤ ਅੱਖਾਂ ਦੀ ਜਾਂਚ, ਸੰਤੁਲਿਤ ਖ਼ੁਰਾਕ ਅਤੇ ਸਫ਼ਾਈ ਵਰਗੀਆਂ ਆਦਤਾਂ ਬਹੁਤ ਜ਼ਰੂਰੀ ਹਨ | ਜਿਨ੍ਹਾਂ ਦਾ ਧਿਆਨ ਪਹਿਲਾਂ ਮਾਪਿਆਂ ਨੂੰ ਰੱਖਣਾ ਪੈਂਦਾ ਹੈ, ਪਰ ਅੱਜ ਵੀ ਅਜਿਹੇ ਪਰਿਵਾਰ ਹਨ, ਜਿਨ੍ਹਾਂ ਦੇ ਮਾਪੇ ਪੜ੍ਹੇ-ਲਿਖੇ ਨਹੀਂ ਹਨ | ਜਿਸ ਕਾਰਨ ਬੱਚਿਆਂ ਵਿਚ ਉਨ੍ਹਾਂ ਦੇ ਲੱਛਣਾਂ ਦਾ ਪਤਾ ਲਗਾਉਣਾ ਮੁਸ਼ਕਿਲ ਹੈ | ਇਸ ਕਾਰਨ ਸਰਕਾਰ ਨੇ ਹੁਣ ਹਸਪਤਾਲ ਪ੍ਰਸ਼ਾਸਨ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ ਕਿ ਅਧਿਆਪਕ ਸਕੂਲ ਆਉਣ ਵਾਲੇ ਵਿਦਿਆਰਥੀਆਂ ਦੀ ਮੁੱਢਲੀ ਅੱਖਾਂ ਦੀ ਜਾਂਚ ਕਰਨ ਤਾਂ ਜੋ ਬੱਚਿਆਂ ਦੀਆਂ ਅੱਖਾਂ ਵਿਚ ਸਮੱਸਿਆਵਾਂ ਦਾ ਸਮੇਂ ਸਿਰ ਪਤਾ ਲੱਗ ਸਕੇ ਅਤੇ ਇਲਾਜ ਕੀਤਾ ਜਾ ਸਕੇ | ਐਸ.ਐਮ.ਓ. ਡਾ: ਸੁਨੀਲ ਚੰਦ ਨੇ ਕਿਹਾ ਕਿ ਅਧਿਆਪਕ ਰੋਜ਼ਾਨਾ ਬੱਚਿਆਂ ਦੇ ਸੰਪਰਕ ਵਿਚ ਰਹਿੰਦੇ ਹਨ, ਇਸ ਲਈ ਜੇਕਰ ਉਹ ਅੱਖਾਂ ਦੀਆਂ ਸਮੱਸਿਆਵਾਂ ਦੇ ਲੱਛਣਾਂ ਤੋਂ ਜਾਣੂ ਹਨ, ਤਾਂ ਉਹ ਵਿਦਿਆਰਥੀਆਂ ਨੂੰ ਸਮੇਂ ਸਿਰ ਡਾਕਟਰੀ ਸਹੂਲਤਾਂ ਪ੍ਰਦਾਨ ਕਰ ਸਕਦੇ ਹਨ | ਇਸ ਮੌਕੇ ਸਿਹਤ ਵਿਭਾਗ ਵਲੋਂ ਅੱਖਾਂ ਦੀ ਜਾਂਚ ਅਤੇ ਮੁੱਢਲੀ ਸਹਾਇਤਾ ਬਾਰੇ ਵੀ ਜਾਣਕਾਰੀ ਦਿੱਤੀ ਗਈ |