ਪਠਾਨਕੋਟ/ਮਾਧੋਪੁਰ (ਵਿਨੋਦ/ਮਹਿਰਾ)-ਕਿਸਾਨਾਂ ਵਲੋਂ ਟਰੱਕ ਨੂੰ ਮਾਈਨਿੰਗ ਵਿਭਾਗ ਵਲੋਂ ਕੀਤੇ ਗਏ ਜੁਰਮਾਨੇ ਨੂੰ ਮਾਫ਼ ਕਰਵਾਉਣ ਲਈ ਮਾਈਨਿੰਗ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਪਰਮਿੰਦਰ ਸਿੰਘ ਪੰਡੋਰੀ ਨੇ ਦੱਸਿਆ ਕਿ ਕਲੈਰੀਕਲ ਗ਼ਲਤੀ ਦੇ ਚੱਲਦੇ ਮਾਈਨਿੰਗ ਵਿਭਾਗ ਵਲੋਂ ਉਨ੍ਹਾਂ ਦੀ ਗੱਡੀ ਨੂੰ ਲਗਪਗ ਪੌਣੇ ਤਿੰਨ ਲੱਖ ਰੁਪਏ ਜੁਰਮਾਨਾ ਕਰ ਦਿੱਤਾ ਗਿਆ, ਜੋ ਕਿ ਸਰਾਸਰ ਧੱਕਾ ਹੈ | ਉਨ੍ਹਾਂ ਕਿਹਾ ਕਿ ਡਰਾਈਵਰ ਵਲੋਂ ਮਾਈਨਿੰਗ ਅਧਿਕਾਰੀਆਂ ਨੂੰ ਕਿਹਾ ਗਿਆ ਸੀ ਕਿ ਉਹ ਗ਼ਲਤੀ ਠੀਕ ਕਰਵਾ ਕੇ ਲਿਆਉਣਗੇ ਤੇ ਉਹ ਗ਼ਲਤੀ ਠੀਕ ਕਰਵਾ ਕੇ ਲਿਆਏ ਵੀ ਪਰ ਉਨ੍ਹਾਂ ਨੂੰ ਇਸ ਦੇ ਬਾਵਜੂਦ ਵੀ ਜੁਰਮਾਨਾ ਕੀਤਾ ਗਿਆ, ਜਦੋਂ ਤੱਕ ਉਨ੍ਹਾਂ ਦਾ ਜੁਰਮਾਨਾ ਮਾਫ਼ ਨਹੀਂ ਕੀਤਾ ਜਾਂਦਾ ਉਹ ਧਰਨਾ ਜਾਰੀ ਰੱਖਣਗੇ, ਇਸ ਮੌਕੇ ਉਨ੍ਹਾਂ ਨਾਲ ਜਗਜੀਵਨ ਸਿੰਘ ਗੋਲਡੀ ਨੱਤ, ਮੰਗਤ ਸਿੰਘ ਗੋਸਰ, ਕੁਲਬੀਰ ਸਿੰਘ ਜੰਡੂਵਾਲ, ਦਲਵੀਰ ਸਿੰਘ, ਜਗਬੀਰ ਸਿੰਘ, ਅਜੈਬ ਸਿੰਘ, ਜੋਗਿੰਦਰ ਸਿੰਘ, ਮਲਕੀਤ ਸਿੰਘ ਸੋਨੰੂ ਆਦਿ ਸ਼ਾਮਿਲ ਸਨ | ਇਸ ਸੰਬੰਧ ਵਿਚ ਐਸ.ਡੀ.ਓ. ਆਰੂਸ਼ ਮਹਿਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਟਰੱਕ ਦਾ ਨੰਬਰ ਗ਼ਲਤ ਲਿਖੇ ਜਾਣ ਦੇ ਚੱਲਦੇ ਜੁਰਮਾਨਾ ਕੀਤਾ ਗਿਆ ਤੇ ਉਨ੍ਹਾਂ ਵਲੋਂ ਪਾਰਟੀ ਨੂੰ ਕਿਹਾ ਗਿਆ ਹੈ ਕਿ ਉਹ ਜੰਮੂ-ਕਸ਼ਮੀਰ ਦੇ ਕਠੂਆ ਤੋਂ ਇਹ ਗ਼ਲਤੀ ਠੀਕ ਕਰਵਾ ਕੇ ਲੈ ਆਉਣ ਤਾਂ ਹੱਲ ਹੋ ਜਾਵੇਗਾ ਨਹੀਂ ਤਾਂ ਜੁਰਮਾਨਾ ਬਰਕਰਾਰ ਰਹੇਗਾ |