ਕਲਾਨੌਰ, 15 ਜੁਲਾਈ (ਪੁਰੇਵਾਲ)-ਸਥਾਨਕ ਕਸਬੇ ਦੇ ਤਹਿਸੀਲ ਕੰਪਲੈਕਸ 'ਚ ਆਉਣ ਵਾਲੀ ਪਬਲਿਕ ਨੂੰ ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੂਕ ਕਰਦੇ ਆ ਰਹੇ ਸਮਾਜਸੇਵਕ ਐਡਵੋਕੇਟ ਪ੍ਰਭਜੋਤ ਸਿੰਘ ਸਹਾਰੀ ਜੋ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੇ ਸੂਬਾ ਕਾਨੂੰਨੀ ਸਲਾਹਕਾਰ ਹਨ ਨੇ ਵਾਤਾਵਰਨ ਪ੍ਰਤੀ ਚਿੰਤਾ ਜ਼ਾਹਿਰ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣਾ ਭਵਿੱਖ ਸੁਰੱਖਿਅਤ ਕਰਨ ਲਈ ਮੌਨਸੂਨ ਦੀ ਰੁੱਤ 'ਚ ਹਰ ਇਨਸਾਨ ਨੂੰ ਘੱਟ ਤੋਂ ਘੱਟ 2 ਰੁੱਖ ਜ਼ਰੂਰ ਲਗਾਉਣੇ ਚਾਹੀਦੇ ਹਨ | ਐਡ. ਸਹਾਰੀ ਨੇ ਕਿਹਾ ਕਿ ਜੇਕਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਅਤੇ ਸਾਡੇ ਬੱਚੇ ਆਗਾਮੀ ਸਮੇਂ 'ਚ ਸਾਫ਼ ਤੇ ਸ਼ੁੱਧ ਵਾਤਾਵਰਨ 'ਚ ਜ਼ਿੰਦਗੀ ਬਤੀਤ ਕਰਨ ਤਾਂ ਵਾਤਾਵਰਨ ਦੀ ਸੰਭਾਲ ਜ਼ਰੂਰੀ ਹੈ ਅਤੇ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਸਮਾਂ ਰਹਿੰਦਿਆਂ ਵਾਤਾਵਰਨ ਦੀ ਸੰਭਾਲ ਲਈ 'ਯੁੱਧ' ਛੇੜਿਆ ਜਾਵੇ ਅਤੇ ਅਤੇ ਵਧੇਰੇ ਬੂਟੇ ਲਗਾਉਣ ਲਈ ਮੁਹਿੰਮ ਵਿੱਢੀ ਜਾਵੇ | ਐਡ. ਸਹਾਰੀ ਨੇ ਕਿਹਾ ਕਿ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ, ਪਲਵਿੰਦਰ ਸਿੰਘ ਸਹਾਰੀ, ਸੁਖਵਿੰਦਰ ਸਿੰਘ ਭੋਜਰਜ, ਕੰਵਲਜੀਤ ਸਿੰਘ ਖੁਸ਼ਹਾਲਪੁਰ ਸਮੇਤ ਸਾਰੇ ਆਗੂਆਂ ਵਲੋਂ ਕਿਸਾਨਾਂ ਨੂੰ ਵੀ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ ਕਿ ਉਹ ਆਪਣੇ ਖੇਤਾਂ 'ਚ ਅਤੇ ਮੋਟਰਾਂ 'ਤੇ 5-5 ਬੂਟੇ ਜ਼ਰੂਰ ਲਗਾਉਣ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਨ ਸੁਰੱਖਿਅਤ ਰੱਖਿਆ ਜਾ ਸਕੇ |