ਫ਼ਤਹਿਗੜ੍ਹ ਸਾਹਿਬ, 20 ਨਵੰਬਰ (ਬਲਜਿੰਦਰ ਸਿੰਘ)-ਜ਼ਿਲ੍ਹਾ ਮੈਜਿਸਟਰੇਟ ਡਾ. ਸੋਨਾ ਥਿੰਦ ਨੇ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਧੀਨ ਤੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਹਦੂਦ ਅੰਦਰ ਪੈਂਦੇ ਰੂਟ 'ਤੇ 21 ਨਵੰਬਰ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਲੁਧਿਆਣਾ ਰੋਡ ਖਮਾਣੋਂ ਤੱਕ, ਮੰਡੀ ਗੋਬਿੰਦਗੜ੍ਹ ਤੋਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਅਤੇ 22 ਨਵੰਬਰ ਨੂੰ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਬਸੀ ਮੋਰਿੰਡਾ ਰੋਡ ਨੌਗਾਵਾਂ ਤੱਕ ਨਗਰ ਕੀਰਤਨ-ਯਾਤਰਾ ਰੂਟ 'ਤੇ ਸ਼ਰਾਬ ਦੇ ਠੇਕੇ, ਅਹਾਤੇ ਤੇ ਸ਼ਰਾਬ ਦੀ ਵਿੱਕਰੀ, ਅੰਡੇ, ਮਾਸ-ਮੱਛੀ, ਤੰਬਾਕੂ, ਬੀੜੀ ਸਿਗਰਟ ਵੇਚਣ 'ਤੇ ਪੂਰਨ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ | ਹੁਕਮਾਂ 'ਚ ਕਿਹਾ ਗਿਆ ਕਿ ਪੰਜਾਬ ਸਰਕਾਰ ਵਲੋਂ 25 ਨਵੰਬਰ ਤੱਕ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਮਨਾਉਣ ਦਾ ਫ਼ੈਸਲਾ ਕੀਤਾ ਹੈ | ਪੰਜਾਬ ਸਰਕਾਰ ਨੇ ਇਸ ਯਾਦ 'ਚ ਯਾਤਰਾਵਾਂ ਦਾ ਆਯੋਜਨ ਕਰਨ ਦੀ ਯੋਜਨਾ ਬਣਾਈ ਹੈ | ਇਹ ਯਾਤਰਾ ਵਾਇਆ ਫ਼ਰੀਦਕੋਟ, ਫ਼ਿਰੋਜਪੁਰ, ਮੋਗਾ, ਜਗਰਾਉਂ, ਲੁਧਿਆਣਾ, ਖੰਨਾ, ਸਰਹਿੰਦ ਫ਼ਤਹਿਗੜ੍ਹ ਸਾਹਿਬ ਵਿਖੇ 21 ਨਵੰਬਰ ਨੂੰ ਪਹੁੰਚੇਗੀ ਅਤੇ ਫ਼ਤਹਿਗੜ੍ਹ ਸਾਹਿਬ ਵਿਖੇ ਠਹਿਰਾਓ ਕਰੇਗੀ | ਉਪਰੰਤ ਯਾਤਰਾ 22 ਨਵੰਬਰ ਨੂੰ ਬਸੀ ਪਠਾਣਾਂ, ਮੋਰਿੰਡਾ, ਚਮਕੌਰ ਸਾਹਿਬ, ਰੂਪਨਗਰ, ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚੇਗੀ | ਇਸ ਤੋਂ ਇਲਾਵਾ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਜਾਏ ਗਏ ਨਗਰ ਕੀਰਤਨ ਗੁਰਦੁਆਰਾ ਸ੍ਰੀ ਅੰਬ ਸਾਹਿਬ, ਮੁਹਾਲੀ ਤੋਂ ਵਾਇਆ ਸੋਹਾਣਾ, ਲਾਡਰਾਂ, ਝੰਜੋੜੀ, ਚੁੰਨੀ ਕਲਾਂ, ਬਡਾਲੀ ਆਲਾ ਸਿੰਘ, ਗੁਰਦੁਆਰਾ ਜੋਤੀ ਸਰੂਪ ਸਾਹਿਬ ਹੁੰਦੇ ਹੋਏ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਦੇਰ ਰਾਤ ਪਹੁੰਚੇਗਾ ਤੇ ਫ਼ਤਹਿਗੜ੍ਹ ਸਾਹਿਬ ਵਿਖੇ ਠਹਿਰਾਓ ਕਰੇਗਾ | ਉਪਰੰਤ ਇਹ ਨਗਰ ਕੀਰਤਨ ਮਿਤੀ 21 ਨਵੰਬਰ ਨੂੰ ਵਾਇਆ ਬਸੀ ਪਠਾਣਾਂ, ਮੋਰਿੰਡਾ ਬਾਈਪਾਸ, ਸੰਘੋਲ, ਰਾਣਵਾਂ, ਖਮਾਣੋਂ, ਸਮਰਾਲਾ ਸ਼ਹਿਰ, ਤਰਖਾਣ ਮਾਜਰਾ, ਗੁਰਦੁਆਰਾ ਸ੍ਰੀ ਚਰਨਕੰਵਲ ਸਾਹਿਬ ਪਾਤਿਸ਼ਾਹੀ ਦਸਵੀਂ ਮਾਛੀਵਾੜਾ ਵਿਖੇ ਪਹੁੰਚੇਗਾ |