ਡੇਰਾਬੱਸੀ, 25 ਸਤੰਬਰ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ-ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਸਥਿਤ ਇਕ ਹੋਟਲ ਦੇ ਕਮਰੇ ਵਿਚ ਹਰਿਆਣਾ ਦੇ ਇਕ ਪਟਵਾਰੀ ਵਲੋਂ ਕਥਿਤ ਤੌਰ ’ਤੇ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਅਸ਼ੋਕ ਕੁਮਾਰ ਪੁੱਤਰ ਚਰਨਦਾਸ, ਵਾਸੀ ਸੈਕਟਰ-10 ਅੰਬਾਲਾ ਵਜੋਂ ਹੋਈ ਹੈ। ਉਹ ਹਰਿਆਣਾ ਵਿਚ ਪਟਵਾਰੀ ਦੇ ਅਹੁਦੇ ’ਤੇ ਤਾਇਨਾਤ ਦੱਸਿਆ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅਸ਼ੋਕ ਕੁਮਾਰ ਨੇ ਇਕ ਦਿਨ ਪਹਿਲਾਂ ਡੇਰਾਬੱਸੀ ਦੇ ਉਕਤ ਹੋਟਲ ਵਿਚ ਕਮਰਾ ਲਿਆ ਸੀ। ਕਾਫ਼ੀ ਸਮਾਂ ਬੀਤਣ ਦੇ ਬਾਵਜੂਦ ਜਦੋਂ ਉਹ ਕਮਰੇ ਤੋਂ ਬਾਹਰ ਨਹੀਂ ਆਇਆ ਅਤੇ ਅੰਦਰੋਂ ਵੀ ਕਿਸੇ ਤਰ੍ਹਾਂ ਦੀ ਹਲਚਲ ਮਹਿਸੂਸ ਨਾ ਹੋਈ ਤਾਂ ਹੋਟਲ ਸਟਾਫ਼ ਨੂੰ ਸ਼ੱਕ ਹੋਇਆ। ਸਟਾਫ਼ ਵਲੋਂ ਦਰਵਾਜ਼ਾ ਖੜਕਾਉਣ ’ਤੇ ਵੀ ਕੋਈ ਜਵਾਬ ਨਾ ਮਿਲਣ ਮਗਰੋਂ ਕਮਰਾ ਖੋਲ੍ਹਿਆ ਗਿਆ ਤਾਂ ਅਸ਼ੋਕ ਕੁਮਾਰ ਫਾਹੇ ਨਾਲ ਲਟਕਿਆ ਮਿਲਿਆ। ਇਸ ਸਬੰਧੀ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਮਾਮਲੇ ਦੇ ਜਾਂਚ ਅਧਿਕਾਰੀ ਏ.ਐੱਸ.ਆਈ. ਗੁਲਾਬ ਸਿੰਘ ਅਨੁਸਾਰ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮ੍ਰਿਤਕ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਪਰੇਸ਼ਾਨੀ ਵਿਚ ਦੱਸਿਆ ਜਾ ਰਿਹਾ ਸੀ। ਹਾਲਾਂਕਿ ਘਟਨਾ ਦੇ ਅਸਲ ਕਾਰਨਾਂ ਬਾਰੇ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਹੈ। ਪੁਲਿਸ ਅਨੁਸਾਰ ਪਰਿਵਾਰਕ ਮੈਂਬਰਾਂ ਦੇ ਬਿਆਨ ਅਤੇ ਅਗਲੀ ਜਾਂਚ ਤੋਂ ਬਾਅਦ ਹੀ ਇਸ ਘਟਨਾ ਪਿੱਛੇ ਦੇ ਕਾਰਨਾਂ ਬਾਰੇ ਸਥਿਤੀ ਸਪੱਸ਼ਟ ਹੋ ਸਕੇਗੀ।