ਫ਼ਤਹਿਗੜ੍ਹ ਸਾਹਿਬ, 20 ਨਵੰਬਰ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੇ ਅਰਥ ਸ਼ਾਸਤਰ ਵਿਭਾਗ ਦੀ ਪੁਰਾਣੀ ਹੋਣਹਾਰ ਵਿਦਿਆਰਥਣ ਤੇ ਪੰਜਾਬੀ ਦੀ ਉੱਭਰਦੀ ਕਵਿੱਤਰੀ ਰੀਤ ਰਾਜਦੀਪ ਕੌਰ ਦੀਆਂ ਕਵਿਤਾਵਾਂ ਦਾ ਪਹਿਲਾ ਕਾਵਿ ਸੰਗ੍ਰਹਿ 'ਮਹਿਫ਼ਲ-ਏ ਹਿਜ਼ਰ' ਅਰਥ ਸ਼ਾਸਤਰ ਵਿਭਾਗ ਵਿਖੇ ਜਾਰੀ ਕੀਤਾ | ਰੀਤ ਰਾਜਦੀਪ ਨੇ ਆਪਣੀਆਂ ਕਵਿਤਾਵਾਂ ਰਾਹੀਂ ਸਮਕਾਲੀ ਮਨੁੱਖ ਦੇ ਮਨ ਦੇ ਵਲਬਲਿਆਂ ਨੂੰ ਸੁੰਦਰਤਾ ਨਾਲ ਪ੍ਰਗਟ ਕਰਦੇ ਹੋਏ ਇਕ ਮਿਆਰੀ ਕਾਵਿ-ਰਚਨਾ ਤਿਆਰ ਕੀਤੀ ਹੈ | ਕਾਲਜ ਦੇ ਡਾਇਰੈਕਟਰ ਪਿ੍ੰਸੀਪਲ ਡਾ. ਕਸ਼ਮੀਰ ਸਿੰਘ ਨੇ ਕਿਹਾ ਕਿ ਸਾਹਿਤ ਰਚਨਾ ਦੀ ਦੁਨੀਆ 'ਚ ਨਵੀਂ ਪੀੜ੍ਹੀ ਦਾ ਇਸ ਤਰ੍ਹਾਂ ਅੱਗੇ ਆਉਣਾ ਕਾਲਜ ਲਈ ਮਾਣ ਦੀ ਗੱਲ ਹੈ | ਰੀਤ ਰਾਜਦੀਪ ਨੇ ਆਪਣੇ ਅਧਿਐਨ ਨਾਲ ਰਚਨਾਤਮਿਕਤਾ ਨੂੰ ਜੋੜ ਕੇ ਇਕ ਉੱਤਮ ਉਦਾਹਰਨ ਪੇਸ਼ ਕੀਤੀ ਹੈ | ਅਰਥ ਸ਼ਾਸਤਰ ਵਿਭਾਗ ਦੇ ਮੁਖੀ ਪ੍ਰੋ. ਜੁਪਿੰਦਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਦੀ ਬਹੁ-ਪੱਖੀ ਪ੍ਰਗਤੀ ਹੀ ਸੱਚੀ ਸਿੱਖਿਆ ਦਾ ਮਾਪਦੰਡ ਹੈ ਅਤੇ ਰੀਤ ਦੀ ਇਹ ਪੁਸਤਕ ਉਸ ਦੀ ਮਿਹਨਤ ਤੇ ਸਮਰਪਣ ਦੀ ਸਪਸ਼ਟ ਨਿਸ਼ਾਨੀ ਹੈ | ਜੌਗਰਫ਼ੀ ਵਿਭਾਗ ਦੇ ਮੁਖੀ ਡਾ. ਅਨੁਪ੍ਰੀਤ ਸਿੰਘ ਟਿਵਾਣਾ ਨੇ ਹੋਣਹਾਰ ਵਿਦਿਆਰਥਣ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਰੀਤ ਰਾਜਦੀਪ ਨੇ ਆਪਣੇ ਅਧਿਐਨ ਅਤੇ ਕਲਾ ਨੂੰ ਬਾਖ਼ੂਬੀ ਸਮੇਟਦੇ ਹੋਏ ਇਕ ਉੱਤਮ ਰਚਨਾ ਪੇਸ਼ ਕੀਤੀ ਹੈ | ਇਸ ਮੌਕੇ ਪ੍ਰੋ. ਸ਼ਿਵਦੀਪ ਕੌਰ, ਪ੍ਰੋ. ਗੁਰਜਿੰਦਰ ਕੌਰ, ਪ੍ਰੋ. ਰਾਜਬੀਰ ਕੌਰ, ਪ੍ਰੋ. ਮਨਪ੍ਰੀਤ ਕੌਰ, ਹੋਰ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਰੀਤ ਰਾਜਦੀਪ ਨੂੰ ਇਸ ਉਪਲਬਧੀ ਲਈ ਮੁਬਾਰਕਬਾਦ ਦਿੱਤੀ ਅਤੇ ਉਸ ਦੇ ਰਚਨਾਤਮਿਕ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |