ਖਮਾਣੋਂ, 18 ਨਵੰਬਰ (ਮਨਮੋਹਣ ਸਿੰਘ ਕਲੇਰ)-ਖੇੜੀ ਨੌਧ ਸਿੰਘ ਪੁਲਿਸ ਨੇ ਮੱਝਾਂ ਅਤੇ ਕੱਟੀਆਂ ਚੋਰੀ ਕਰਨ ਦੇ ਦੋਸ਼ 'ਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਹੈ | ਜਾਣਕਾਰੀ ਦਿੰਦਿਆਂ ਮਾਲਕ ਦਲਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਧੂੰਦਾ ਨੇ ਦੱਸਿਆ ਕਿ 15 ਅਤੇ 16 ਦੀ ਦਰਮਿਆਨੀ ਰਾਤ ਚੋਰਾਂ ਵਲੋਂ ਉਨ੍ਹਾਂ ਦੇ ਬਾੜੇ ਚੋਂ 3 ਮੱਝਾਂ ਤੇ 3 ਕੱਟੀਆਂ ਚੋਰੀ ਕਰ ਲਈਆਂ | ਜਿਸ ਦਾ ਪਤਾ ਉਸ ਨੂੰ ਸਵੇਰ ਮੌਕੇ ਲੱਗਾ ਜਦੋਂ ਉਹ ਮੱਝਾਂ ਨੂੰ ਚਾਰਾ ਪਾਉਣ ਲਈ ਬਾੜੇ 'ਚ ਗਿਆ ਤਾਂ ਕਿੱਲ੍ਹੇਆਂ 'ਤੇ ਕੇਵਲ ਸੰਗਲ਼ ਬੰਨੇ ਹੋਏ ਸਨ ਜਦਕਿ ਪਸ਼ੂ ਗ਼ਾਇਬ ਸਨ | ਉਨ੍ਹਾਂ ਦੱਸਿਆ ਕਿ ਸੀ. ਸੀ. ਟੀ. ਵੀ. ਫੁਟੇਜ਼ 'ਚੋਂ ਪਤਾ ਚੱਲਦਾ ਹੈ ਕਿ ਚੋਰ ਮਹਿੰਦਰਾ ਗੱਡੀ 'ਚ ਆਏ ਸਨ | ਪੀੜਤ ਮਾਲਕ ਨੇ ਦੱਸਿਆਂ ਕਿ ਉਸ ਦੇ ਚੋਰੀ ਹੋਏ ਪਸ਼ੂ ਧਨ ਦੀ ਕੀਮਤ ਕਰੀਬ 3 ਲੱਖ ਰੁਪਏ ਹੈ | ਖੇੜੀ ਨੌਧ ਸਿੰਘ ਪੁਲਿਸ ਨੇ ਮੁੱਢਲੀ ਤਫ਼ਤੀਸ਼ ਉਪਰੰਤ ਚੋਰੀ ਦਾ ਮਾਮਲਾ ਦਰਜ਼ ਕਰ ਲਿਆ ਹੈ |