ਖਮਾਣੋਂ, 7 ਨਵੰਬਰ (ਜੋਗਿੰਦਰ ਪਾਲ)-ਗੁਰਦੁਆਰਾ ਸਾਹਿਬ ਸਿੰਘ ਸਭਾ ਪੱਤੀ 16 ਖਮਾਣੋਂ ਕਲਾਂ ਵਿਖੇ ਨਵੀਂ ਇਮਾਰਤ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਮੂਹ ਵਾਰਡ ਵਾਸੀਆਂ ਦੇ ਸਹਿਯੋਗ ਨਾਲ ਕੀਤਾ ਗਿਆ | ਇਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਵੀ ਕਰਵਾਇਆ ਗਿਆ, ਜਿਸ ਵਿਚ ਰਾਤ ਸਮੇਂ ਭਾਈ ਉਂਕਾਰ ਸਿੰਘ ਹਜ਼ੂਰੀ ਰਾਗੀ ਮੰਜੀ ਸਾਹਿਬ ਵਲੋਂ ਕੀਰਤਨ ਕੀਤਾ ਗਿਆ ਤੇ ਭੋਗ ਸਮੇਂ ਭਾਈ ਸੁਖਵਿੰਦਰ ਸਿੰਘ ਬਰਵਾਲੀ ਵਾਲਿਆਂ ਵਲੋਂ ਰਸ-ਭਿੰਨੇ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ ਗਿਆ | ਇਸ ਮੌਕੇ ਗੁਰਪ੍ਰੀਤ ਸਿੰਘ ਜੀ.ਪੀ. ਸਾਬਕਾ ਵਿਧਾਇਕ ਬਸੀ ਪਠਾਣਾਂ ਵਿਸ਼ੇਸ਼ ਤੌਰ 'ਤੇ ਪਹੁੰਚੇ ਤੇ ਉਨ੍ਹਾਂ ਲੋਕਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ ਤੇ ਪ੍ਰਬੰਧਕਾਂ ਦੇ ਉੱਦਮ ਦੀ ਸ਼ਲਾਘਾ ਵੀ ਕੀਤੀ | ਸਮਾਗਮ ਦੌਰਾਨ ਨਿਸ਼ਕਾਮ ਸੇਵਾ ਕਰਨ ਵਾਲੇ ਗਗਨਦੀਪ ਸਿੰਘ ਚੇਅਰਮੈਨ, ਮਲਕੀਤ ਸਿੰਘ ਛੋਟਾ, ਪ੍ਰਧਾਨ ਭੁਪਿੰਦਰ ਸਿੰਘ, ਸੇਵਾਦਾਰ ਸੁਰਿੰਦਰ ਸਿੰਘ ਸ਼ਿੰਦਾ ਅਤੇ ਇਸ ਇਮਾਰਤ ਵਿਚ ਸਹਿਯੋਗ ਦੇਣ ਵਾਲੀ ਸਮੂਹ ਸੰਗਤ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਵਾਰਡ ਦੇ ਪਤਵੰਤੇ ਸੱਜਣਾਂ ਤੇ ਵੱਡੀ ਗਿਣਤੀ ਵਿਚ ਸੰਗਤ ਨੇ ਹਾਜ਼ਰੀ ਭਰੀ |