31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਸੜਕ ਕੰਢੇ ਨਾਜਾਇਜ਼ ਕਬਜ਼ੇ ਤੇ ਰੇਹੜੀ-ਫੜੀ ਵਾਲੇ ਹਟਾਏ ਜਾਣ ਦੀ ਮੰਗ

ਅਜੀਤ ਡੈਸਕ 06-11-2025
ਸੰਘੋਲ, 5 ਨਵੰਬਰ (ਪਰਮਵੀਰ ਸਿੰਘ ਧਨੋਆ)-ਕਸਬਾ ਸੰਘੋਲ ਦੀ ਦੁਕਾਨਦਾਰ ਯੂਨੀਅਨ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਕਰੀਬ ਦੋ ਦਰਜਨ ਦੁਕਾਨਦਾਰਾਂ ਦੇ ਹਸਤਾਖਰਾਂ ਹੇਠ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਨੂੰ ਮੰਗ ਪੱਤਰ ਭੇਜਿਆ ਗਿਆ ਹੈ | ਪੱਤਰ ਰਾਹੀਂ ਕਿਹਾ ਗਿਆ ਹੈ ਕਿ ਕਸਬਾ ਸੰਘੋਲ 'ਚ ਸੜਕ ਕੰਢੇ ਪੰਚਾਇਤੀ, ਸਰਕਾਰੀ ਜ਼ਮੀਨ 'ਤੇ ਉਸਾਰੀ, ਸਾਈਨ ਬੋਰਡਾਂ, ਰੇਹੜੀ- ਫੜੀ ਆਦਿ ਵਾਲਿਆਂ ਨੇ ਆਰਜ਼ੀ ਕਬਜ਼ਾ ਕਰ ਕੇ ਅੜਿੱਕਾ ਕਰ ਰੱਖਿਆ ਹੈ, ਜਿਸ ਕਾਰਨ ਸੜਕੀ ਆਵਾਜਾਈ ਲਈ ਵੱਡੀ ਦਿੱਕਤ ਪੈਦਾ ਹੋ ਰਹੀ ਹੈ | ਉਕਤ ਵਰਤਾਰੇ ਕਾਰਨ ਸੜਕ 'ਤੇ ਅਕਸਰ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ | ਇਸ ਤੋਂ ਇਲਾਵਾ ਸਬਜ਼ੀ ਅਤੇ ਹੋਰ ਕਈ ਤਰ੍ਹਾਂ ਦਾ ਸਮਾਨ ਵੇਚਣ ਵਾਲੇ ਸਮੱਸਿਆ ਬਣੇ ਹੋਏ ਹਨ | ਉਕਤ ਲੋਕ ਜਿੱਥੇ ਪੱਕੇ ਦੁਕਾਨਦਾਰਾਂ ਲਈ ਆਰਥਿਕ ਨੁਕਸਾਨ ਦਾ ਕਾਰਨ ਬਣਦੇ ਹਨ, ਉੱਥੇ ਹੀ ਇਹ ਗ਼ੈਰ ਕਾਨੂੰਨੀ ਤੌਰ 'ਤੇ ਸਪੀਕਰਾਂ ਦੀ ਵਰਤੋਂ ਕਰਕੇ ਵਾਸੀਆਂ, ਦੁਕਾਨਦਾਰਾਂ, ਮਰੀਜ਼ਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਰਹੇ ਹਨ | ਮਾਰਕੀਟ ਕਮੇਟੀ ਪ੍ਰਧਾਨ ਮੁਖਤਿਆਰ ਸਿੰਘ, ਹਰਚੰਦ ਸਿੰਘ ਚੰਨੀ ਪ੍ਰਧਾਨ ਕੈਮਿਸਟ ਐਸੋਸੀਏਸ਼ਨ ਸੰਘੋਲ, ਮਨਪ੍ਰੀਤ ਸਿੰਘ ਲੋਹਾਰ ਮਾਜਰਾ ਆਦਿ ਨੇ ਦੱਸਿਆ ਕਿ ਰੇਹੜੀ-ਫੜੀ ਵਾਲੇ ਬਾਹਰੀ ਲੋਕਾਂ ਦੀ ਕੋਈ ਪੱਕੀ ਸ਼ਨਾਖ਼ਤ ਨਾ ਹੋਣ ਕਾਰਨ ਇਹ ਖ਼ਤਰਾ ਬਣਿਆ ਰਹਿੰਦਾ ਹੈ ਕਿ ਇਹ ਪਿੰਡ 'ਚ ਘੁੰਮਦੇ ਹੋਏ ਘਰਾਂ 'ਚ ਔਰਤਾਂ ਨਾਲ ਕੋਈ ਚੋਰੀ-ਠੱਗੀ ਨਾ ਕਰ ਜਾਣ | ਸ਼ਨਾਖ਼ਤੀ ਕਾਰਡ ਬਾਰੇ ਪੁੱਛਣ 'ਤੇ ਅਜਿਹੇ ਲੋਕ ਲੜਨ ਲਈ ਤਿਆਰ ਹੋ ਜਾਂਦੇ ਹਨ | ਜਾਣਕਾਰੀ ਦਿੰਦਿਆਂ ਯੂਨੀਅਨ ਅਹੁਦੇਦਾਰਾਂ ਨੇ ਦੱਸਿਆ ਕਿ ਮਸਲੇ ਦੇ ਸੰਬੰਧ 'ਚ ਕਾਰਵਾਈ ਲਈ ਉਨ੍ਹਾਂ ਵਲੋਂ ਸੰਬੰਧਿਤ ਪੁਲਿਸ ਤੋਂ ਇਲਾਵਾ ਪਿੰਡ ਦੀ ਪੰਚਾਇਤ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਹੈ, ਜਿਸ ਰਾਹੀਂ ਉਨ੍ਹਾਂ ਤੋਂ ਮਾਮਲੇ 'ਚ ਬਣਦੀ ਕਾਰਵਾਈ ਕਰਕੇ ਦਰਪੇਸ਼ ਸਮੱਸਿਆਵਾਂ ਦੂਰ ਕਰਵਾਏ ਜਾਣ ਦੀ ਮੰਗ ਕੀਤੀ ਗਈ ਹੈ |
ਪਿਛਲੀ ਖ਼ਬਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਵਫ਼ਦ ਨੇ ਮੁੱਖ ਮੰਤਰੀ ਦੇ ਨਾਂਅ ਡੀ. ਸੀ. ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਵੱਖ-ਵੱਖ ਥਾਵਾਂ 'ਤੇ ਸ਼ਰਧਾ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।