ਫ਼ਤਹਿਗੜ੍ਹ ਸਾਹਿਬ, 5 ਨਵੰਬਰ (ਮਨਪ੍ਰੀਤ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਦੇਸ਼ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਦੇ ਵਿਚ ਵੀ ਧੂਮ-ਧਾਮ ਦੇ ਨਾਲ ਮਨਾਇਆ ਗਿਆ | ਇਸੇ ਲੜੀ ਤਹਿਤ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵੱਖ-ਵੱਖ ਪਿੰਡਾਂ ਅਤੇ ਕਸਬਿਆਂ ਵਿਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ | ਇਸ ਮੌਕੇ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਵੱਖ-ਵੱਖ ਧਾਰਮਿਕ ਸਮਾਗਮਾਂ ਵਿਚ ਸ਼ਮੂਲੀਅਤ ਕਰਕੇ ਹਾਜ਼ਰੀ ਲਗਵਾਈ ਤੇ ਗੁਰੂ ਘਰੋਂ ਆਸ਼ੀਰਵਾਦ ਪ੍ਰਾਪਤ ਕੀਤਾ | ਗੁਰਦੁਆਰਾ ਬ੍ਰਾਹਮਣ ਮਾਜਰਾ ਵਿਖੇ ਵਿਧਾਇਕ ਰਾਏ ਨੇ ਕਿਹਾ ਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪੂਰਾ ਜਗਤ ਗੁਰੂ ਮੰਨਦਾ ਹੈ, ਕਿਉਂਕਿ ਸਿੱਖ ਧਰਮ ਦੇ ਉਹ ਪਹਿਲੇ ਗੁਰੂ ਸਨ, ਜਿਨ੍ਹਾਂ ਨੇ ਜਾਤ ਪਾਤ ਦਾ ਖੰਡਨ ਕੀਤਾ ਤੇ ਲੋਕਾਂ ਨੂੰ ਵਹਿਮਾਂ ਭਰਮਾਂ ਤੋਂ ਕੱਢਣ ਦੇ ਲਈ ਉਦਾਹਰਨਾਂ ਪੇਸ਼ ਕਰਕੇ ਸੱਚ ਦਾ ਰਸਤਾ ਦਿਖਾਇਆ | ਇੱਥੇ ਹੀ ਬੱਸ ਨਹੀਂ ਕਈ ਦੇਸ਼ਾਂ ਵਿਚ ਤਾਂ ਗੁਰੂ ਨਾਨਕ ਦੇਵ ਜੀ ਨੂੰ ਮੁਸਲਮਾਨ ਭਾਈਚਾਰਾ ਵੀ ਆਪਣਾ ਪੀਰ ਮੰਨਦਾ ਹੈ | ਸਾਨੂੰ ਉਨ੍ਹਾਂ ਦੀਆਂ ਯਾਦਗਾਰਾਂ ਮਨਾਉਂਦੇ ਰਹਿਣਾ ਚਾਹੀਦਾ ਹੈ, ਜਿਸ ਤੋਂ ਸਾਡੀ ਨੌਜਵਾਨ ਪੀੜ੍ਹੀ ਨੂੰ ਸੇਧ ਮਿਲ ਸਕੇ | ਇਸ ਮੌਕੇ ਉਨ੍ਹਾਂ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਵਲੋਂ ਅਨੁਸੂਚਿਤ ਜਾਤੀ ਭਾਈਚਾਰੇ ਪ੍ਰਤੀ ਕੀਤੀ ਟਿੱਪਣੀ ਬਾਰੇ ਕਿਹਾ ਕਿ ਇਸੇ ਭਾਈਚਾਰੇ ਨੇ ਕਾਂਗਰਸ ਪਾਰਟੀ ਨੂੰ ਲੰਮਾ ਸਮਾਂ ਸੱਤਾ ਵਿਚ ਰੱਖਿਆ, ਉਨ੍ਹਾਂ ਦੇ ਖ਼ਿਲਾਫ਼ ਹੀ ਕਾਂਗਰਸ ਦਾ ਸੂਬਾ ਪ੍ਰਧਾਨ ਨਸਲੀ, ਜਾਤੀ ਸੂਚਕ ਸ਼ਬਦਾਂ ਦੇ ਨਾਲ ਹਮਲੇ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਨੇ ਕਈ ਸੌ ਸਾਲ ਪਹਿਲਾਂ ਜਾਤ ਪਾਤ ਦਾ ਖੰਡਨ ਕੀਤਾ ਸੀ, ਪਰ ਇਨ੍ਹਾਂ ਦੇ ਦਿਮਾਗ਼ ਵਿਚ ਅਜੇ ਵੀ ਜਾਤੀਵਾਦ ਉਸੇ ਤਰ੍ਹਾਂ ਚੱਲ ਰਿਹਾ ਹੈ | ਇਸ ਲਈ ਸਾਨੂੰ ਇਨ੍ਹਾਂ ਤੋਂ ਬਚਣ ਦੀ ਲੋੜ ਹੈ | ਇਸ ਮੌਕੇ ਅਸੀਸ ਅਤਰੀ, ਸਰਪੰਚ ਜਗਰੂਪ ਸਿੰਘ, ਪਵਿੱਤਰ ਸਿੰਘ, ਰਣਜੀਤ ਸਿੰਘ, ਰੋਹੀ ਰਾਮ, ਗੁਰਮੀਤ ਸਿੰਘ, ਦਵਿੰਦਰ ਸਿੰਘ, ਜਤਿੰਦਰ ਸਿੰਘ, ਗੁਰਮੁਖ ਸਿੰਘ ਆਦਿ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਵੀ ਹਾਜ਼ਰ ਸਨ |