ਫ਼ਤਹਿਗੜ੍ਹ ਸਾਹਿਬ, 21 ਜੁਲਾਈ (ਰਵਿੰਦਰ ਮੌਦਗਿਲ)-ਪੁਲਿਸ ਦੀਆਂ ਵੱਖ-ਵੱਖ ਟੀਮਾਂ ਵਲੋਂ ਲੰਮੀ ਤੇ ਗਹਿਰਾਈ ਨਾਲ ਕੀਤੀ ਜਾਂਚ ਰਿਪੋਰਟ ਆਉਣ ਤੋਂ ਬਾਅਦ ਅਮਰੀਕਾ ਦਾ ਲਾਰਾ ਕੇ ਦੁਬਈ ਭੇਜਣ, ਜਾਅਲੀ ਵੀਜ਼ਾ ਲਗਾਉਣ ਅਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਚਾਰ ਟਰੈਵਲ ਏਜੰਟਾਂ ਨੂੰ ਨਾਮਜ਼ਦ ਕੀਤੇ ਜਾਣ ਦੀ ਸੂਚਨਾ ਹੈ | ਇਸ ਮਾਮਲੇ 'ਚ ਡੀ. ਏ. ਲੀਗਲ ਦੀ ਰਾਏ ਤੋਂ ਬਾਅਦ ਪੰਚਕੂਲਾ, ਦਿੱਲੀ, ਸਰਹਿੰਦ ਤੇ ਨਾਭਾ ਨਾਲ ਸੰਬੰਧਿਤ ਚਾਰ ਟਰੈਵਲ ਏਜੰਟਾਂ ਖ਼ਿਲਾਫ਼ ਪੁਲਿਸ ਥਾਣਾ ਫ਼ਤਹਿਗੜ੍ਹ ਸਾਹਿਬ ਵਿਚ ਆਈ.ਪੀ.ਸੀ ਦੀ ਧਾਰਾ 406, 420, 467, 468, 471, 120-ਬੀ ਅਧੀਨ ਮੁਕੱਦਮਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਦੀ ਜ਼ਿੰਮੇਵਾਰੀ ਸਬ-ਇੰਸਪੈਕਟਰ ਕੁਲਵੰਤ ਸਿੰਘ ਨੂੰ ਸੌਂਪੀ ਗਈ ਹੈ | ਨਾਭਾ ਵਾਸੀ ਪੀੜਤ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਸਾਲ 2021 ਵਿਚ ਉਸ ਦੀ ਪੰਚਕੂਲਾ ਤੇ ਦਿੱਲੀ ਵਾਸੀ ਟਰੈਵਲ ਏਜੰਟ ਨਾਲ ਅਮਰੀਕਾ ਭੇਜਣ ਦੀ ਗੱਲ 25 ਲੱਖ ਰੁਪਏ ਵਿਚ ਤੈਅ ਹੋਈ ਸੀ | ਜਿਸ ਦੇ ਲਈ ਉਸ ਵਲੋਂ ਸਮੇਂ-ਸਮੇਂ 'ਤੇ ਲੱਖਾਂ ਰੁਪਏ ਨਕਦ ਅਤੇ ਦੱਸੇ ਬੈਂਕ ਖਾਤਿਆਂ ਵਿਚ ਪਾਏ ਗਏ | ਜਿਸ ਤੋਂ ਬਾਅਦ ਉਸ ਨੂੰ ਅਮਰੀਕਾ ਦੀ ਬਜਾਏ ਦੁਬਈ ਭੇਜ ਦਿੱਤਾ ਗਿਆ ਪਰ ਅਮਰੀਕਾ ਜਾਣ ਦੀ ਕੋਈ ਆਸ ਨਾ ਦੇਖ ਕੇ ਉਹ ਵਾਪਸ ਆ ਗਿਆ | ਸਾਲ 2024 ਵਿਚ ਉਕਤ ਟਰੈਵਲ ਏਜੰਟਾਂ ਦੇ ਕਹਿਣ 'ਤੇ ਫਾਈਲ ਦੁਬਾਰਾ ਲਗਾਈ ਗਈ ਅਤੇ ਉਸ ਨੂੰ ਫਿਰ ਤੋਂ ਦੁਬਈ ਤੇ ੲਯਿਪਟ ਭੇਜ ਦਿੱਤਾ ਗਿਆ, ਫਿਰ ਉਸ ਨੂੰ ਫ਼ੋਨ 'ਤੇ ਕੋਲੰਬੀਆ ਦਾ ਜਾਅਲੀ ਵੀਜ਼ਾ ਵੀ ਭੇਜਿਆ ਗਿਆ ਪ੍ਰੰਤੂ ਉਹ ਅਮਰੀਕਾ ਨਾ ਜਾ ਸਕਿਆ ਤੇ ਫਿਰ 27 ਅਪ੍ਰੈਲ 2024 ਨੂੰ ਭਾਰਤ ਵਾਪਸ ਆ ਗਿਆ | ਪੀੜਤ ਨੇ ਦੱਸਿਆ ਕਿ ਉਕਤਾਨ ਵਿਚੋਂ ਇਕ ਟਰੈਵਲ ਏਜੰਟ ਵਲੋਂ ਕਾਫ਼ੀ ਮਿੰਨਤ ਕਰਨ ਤੇ ਮਹਿਜ਼ 1 ਲੱਖ 1 ਹਜ਼ਾਰ ਰੁਪਏ ਹੀ ਉਸ ਦੇ ਖਾਤੇ ਵਿਚ ਪਾਏ ਗਏ | ਪੀੜਤ ਨੇ ਪੁਲਿਸ ਤੋਂ ਨਿਆਂ ਦੀ ਮੰਗ ਕਰਦੇ ਹੋਏ ਉਕਤ ਟਰੈਵਲ ਏਜੰਟਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਤੇ ਪੈਸੇ ਵਾਪਸ ਦਿਵਾਉਣ ਦੀ ਅਪੀਲ ਕੀਤੀ ਹੈ | ਖ਼ਾਸ ਗੱਲ ਇਹ ਹੈ ਕਿ ਇਸ ਮਾਮਲੇ ਵਿਚ ਕੁਝ ਜਾਂਚ ਅਫ਼ਸਰਾਂ ਨੇ ਪੀੜਤ ਵਲੋਂ ਠੋਸ ਸਬੂਤ ਨਾ ਪੇਸ਼ ਕਰਨ ਅਤੇ ਮਾਮਲਾ ਜ਼ਿਲ੍ਹੇ ਨਾਲ ਸੰਬੰਧਿਤ ਨਾ ਹੋਣ ਦਾ ਹਵਾਲਾ ਦੇ ਕੇ ਮੁੱਦਈ ਦੀ ਦਰਖ਼ਾਸਤ ਦਾਖਲ ਦਫ਼ਤਰ ਕੀਤੇ ਜਾਣ ਦੀ ਸਿਫ਼ਾਰਿਸ਼ ਕੀਤੀ ਗਈ ਸੀ, ਜਦਕਿ ਕੁਝ ਜਾਂਚ ਅਫ਼ਸਰਾਂ ਨੇ ਸਿੱਟਾ ਰਿਪੋਰਟ ਵਿਚ ਲਿਖਿਆ ਕਿ ਪੀੜਤ ਨਾਲ ਸਾਜ਼ਿਸ਼ ਤਹਿਤ 16 ਲੱਖ 50 ਹਜ਼ਾਰ ਰੁਪਏ ਦੀ ਧੋਖਾਧੜੀ ਕਰਨ ਦੇ ਦੇਸ਼ ਹੇਠ ਉਕਤਾਨ ਖ਼ਿਲਾਫ਼ ਮਕੱਦਮਾ ਦਰਜ ਕੀਤੇ ਜਾਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ |