ਫ਼ਤਹਿਗੜ੍ਹ ਸਾਹਿਬ, 21 ਜੁਲਾਈ (ਮਨਪ੍ਰੀਤ ਸਿੰਘ)-ਰਿਮਟ ਯੂਨੀਵਰਸਿਟੀ ਦੇ ਇੰਜੀਨੀਅਰਿੰਗ ਅਤੇ ਤਕਨਾਲੋਜੀ ਸਕੂਲ ਵਲੋਂ ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ ਦੇ ਸਹਿਯੋਗ ਨਾਲ 'ਮੂਡਲ ਦ ਲਰਨਿੰਗ ਮੈਨੇਜਮੈਂਟ ਸਿਸਟਮ' 'ਤੇ ਦੋ-ਹਫ਼ਤੇ ਦਾ ਫੈਕਲਟੀ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ, ਜਿਸ ਦਾ ਉਦਘਾਟਨ ਅਤੇ ਓਰੀਐਂਟੇਸ਼ਨ ਸੈਸ਼ਨ ਤਨਵੀਰ ਸਿੰਘ ਸਪੋਕਨ ਟਿਊਟੋਰਿਅਲ ਪ੍ਰੋਜੈਕਟ, ਆਈ.ਆਈ.ਟੀ. ਮੁੰਬਈ ਦੇ ਪ੍ਰੋਜੈਕਟ ਮੈਨੇਜਰ ਦੁਆਰਾ ਸੰਚਾਲਿਤ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਇਹ ਕਿਵੇਂ ਇਕ ਸ਼ਕਤੀਸ਼ਾਲੀ ਲਰਨਿੰਗ ਮੈਨੇਜਮੈਂਟ ਸਿਸਟਮ ਵਜੋਂ ਕੰਮ ਕਰਦਾ ਹੈ, ਜੋ ਅਧਿਆਪਕਾਂ ਨੂੰ ਸਮਗਰੀ ਪ੍ਰਦਾਨ ਕਰਨ, ਉਨ੍ਹਾਂ ਦਾ ਮੁਲਾਂਕਣ ਕਰਨ, ਪ੍ਰਗਤੀ ਨੂੰ ਟਰੈਕ ਕਰਨ ਅਤੇ ਡਿਜੀਟਲ ਵਾਤਾਵਰਨ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਸੰਚਾਰ ਕਰਨ ਵਿਚ ਮਦਦ ਕਰਦਾ ਹੈ | ਉਨ੍ਹਾਂ ਦੱਸਿਆ ਕਿ ਮਿਸ਼ਰਤ ਸਿੱਖਿਆ ਨੂੰ ਸਮਰਥਨ ਦੇਣ ਲਈ ਮੂਡਲ ਦੀ ਵਰਤੋਂ ਦੁਨੀਆ ਭਰ ਵਿਚ ਵਿਆਪਕ ਤੌਰ 'ਤੇ ਕੀਤੀ ਜਾਂਦੀ ਹੈ | ਇਸ ਰਾਹੀਂ ਫੈਕਲਟੀ ਅਧਿਐਨ ਸਮਗਰੀ ਅੱਪਲੋਡ ਕਰ ਸਕਦੀ ਹੈ, ਕਵਿਜ਼ ਕਰ ਸਕਦੀ ਹੈ, ਅਸਾਈਨਮੈਂਟਾਂ ਦਾ ਪ੍ਰਬੰਧਨ ਕਰ ਸਕਦੀ ਹੈ ਅਤੇ ਆਨਲਾਈਨ ਸ਼ਮੂਲੀਅਤ ਕਰ ਸਕਦੀ ਹੈ, ਜਿਸ ਨਾਲ ਸਿੱਖਿਆ-ਸਿਖਲਾਈ ਪ੍ਰਕਿਰਿਆ ਵਧੇਰੇ ਪਹੰੁਚ ਯੋਗ ਅਤੇ ਵਿਦਿਆਰਥੀ-ਕੇਂਦਿ੍ਤ ਹੋ ਸਕਦੀ ਹੈ | ਇਹ ਪ੍ਰੋਗਰਾਮ ਯੂਨੀਵਰਸਿਟੀ ਦੇ ਤਕਨੀਕੀ-ਏਕੀਕਿ੍ਤ ਸਿੱਖਿਆ ਸ਼ਾਸਤਰ ਵਿਚ ਫੈਕਲਟੀ ਯੋਗਤਾ ਨੂੰ ਬਣਾਉਣ ਅਤੇ ਅਕਾਦਮਿਕ ਉੱਤਮਤਾ ਨੂੰ ਉਤਸ਼ਾਹਿਤ ਕਰਨ ਲਈ ਚੱਲ ਰਹੇ ਗੁਣਵੱਤਾ ਵਧਾਉਣ ਦੇ ਉਪਰਾਲਿਆਂ ਦੇ ਹਿੱਸੇ ਵਜੋਂ ਡਾ.ਸਤੀਸ਼ ਸੈਣੀ ਡਾਇਰੈਕਟਰ ਆਈ.ਕਿਯੂ.ਏ.ਸੀ. ਅਤੇ ਡੀਨ ਇੰਜੀਨੀਅਰਿੰਗ ਵਲੋਂ ਕਰਵਾਇਆ ਜਾ ਰਿਹਾ ਹੈ | ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੀ ਇਕ ਪਹਿਲ ਸਪੋਕਨ ਟਿਊਟੋਰਿਅਲਸ, ਆਈ.ਆਈ.ਟੀ. ਬੰਬੇ ਦੇ ਸਹਿਯੋਗ ਨਾਲ ਆਯੋਜਿਤ ਐਫ.ਡੀ.ਪੀ. ਇਕ ਆਨਲਾਈਨ ਪ੍ਰੀਖਿਆ ਦੇ ਨਾਲ ਸਮਾਪਤ ਹੋਵੇਗਾ ਅਤੇ ਸਫਲ ਭਾਗੀਦਾਰਾਂ ਨੂੰ ਆਈ.ਆਈ.ਟੀ. ਮੁੰਬਈ ਤੋਂ ਪ੍ਰਮਾਣੀਕਰਣ ਮਿਲੇਗਾ | ਇਸ ਪ੍ਰੋਗਰਾਮ 'ਚ ਕਈ ਵਿਭਾਗਾਂ ਦੇ ਫੈਕਲਟੀ ਮੈਂਬਰ ਇਸ ਵਿਚ ਹਿੱਸਾ ਲੈ ਰਹੇ ਹਨ | ਇਸ ਮੌਕੇ ਪ੍ਰੋ.ਚਾਂਸਲਰ ਡਾ.ਬੀ.ਐਸ.ਭਾਟੀਆ, ਉਪ ਕੁਲਪਤੀ ਡਾ.ਬੀ.ਐਸ.ਬਰਾੜ, ਪ੍ਰੋ.ਉਪ ਕੁਲਪਤੀ ਡਾ.ਐਸ.ਸੀ. ਸ਼ਰਮਾ, ਰਜਿਸਟਰਾਰ ਰਾਕੇਸ਼ ਮੋਹਨ ਅਤੇ ਡੀਨ ਅਕਾਦਮਿਕ ਡਾ. ਜੀਵਨਾ ਨੰਦ ਮਿਸ਼ਰਾ ਆਦਿ ਮੌਜੂਦ ਸਨ |