ਖਮਾਣੋਂ, 21 ਜੁਲਾਈ (ਮਨਮੋਹਣ ਸਿੰਘ ਕਲੇਰ)-ਭਾਜਪਾ ਪੰਜਾਬ ਦੇ ਸੀਨੀਅਰ ਤੇ ਹਲਕਾ ਬਸੀ ਪਠਾਣਾਂ ਦੇ ਸਰਗਰਮ ਆਗੂ ਕੁਲਦੀਪ ਸਿੰਘ ਸਿੱਧੂਪੁਰ ਵਲੋਂ ਨਵੀਂ ਦਿੱਲੀ ਵਿਖੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਤੋਂ ਇਲਾਵਾ ਕੇਂਦਰੀ ਰੱਖਿਆ ਰਾਜ ਮੰਤਰੀ ਸੰਜੇ ਸੇਠ ਨਾਲ ਮੁਲਾਕਾਤ ਕੀਤੀ ਗਈ | ਇਸ ਦੌਰਾਨ ਉਨ੍ਹਾਂ ਨੂੰ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਜਾਣੂ ਕਰਵਾਇਆ ਗਿਆ | ਇਸ ਮੌਕੇ ਸਿੱਧੂਪੁਰ ਨੇ ਉਨ੍ਹਾਂ ਨੂੰ ਦੱਸਿਆ ਕਿ ਪੰਜਾਬ ਦੇ ਹਾਲਾਤ ਠੀਕ ਨਹੀਂ ਹਨ | ਹਰ ਦਿਨ ਕਤਲ, ਲੱਟਾਂ-ਖੋਹਾਂ ਅਤੇ ਫਿਰੌਤੀਆਂ ਵਰਗੀਆਂ ਵਾਰਦਾਤਾਂ ਪੰਜਾਬ ਦੇ ਅੰਦਰ ਵਾਪਰ ਰਹੀਆਂ ਹਨ ਜਿਸ ਕਰਕੇ ਪੰਜਾਬ ਦੀ ਸਥਿਤੀ ਗੰਭੀਰ ਹੈ ਤੇ ਪੰਜਾਬ ਦੀ ਅਰਥ ਵਿਵਸਥਾ ਦਾ ਬੁਰਾ ਹਾਲ ਹੈ | ਸਿੱਧੂਪਰ ਨੇ ਕਿਹਾ ਕਿ ਪੰਜਾਬ ਵਿਚ ਜਦੋਂ ਤੱਕ ਭਾਜਪਾ ਦੀ ਸਰਕਾਰ ਨਹੀਂ ਬਣੇਗੀ ਉਦੋਂ ਤੱਕ ਪੰਜਾਬ ਦੇ ਹਾਲਾਤ ਨਹੀਂ ਸੁਧਰ ਸਕਦੇ | ਕੇਂਦਰੀ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਬਿਲਕੁਲ ਵੀ ਚਿੰਤਤ ਦਿਖਾਈ ਨਹੀਂ ਦੇ ਰਹੀ | ਜਿਸ ਕਰਕੇ ਆਉਣ ਵਾਲੇ ਸਮੇਂ ਵਿਚ ਕੇਂਦਰ ਸਰਕਾਰ ਪੰਜਾਬ ਦੇ ਲਈ ਕੁਝ ਬਿਹਤਰ ਕਦਮ ਉਠਾਏਗੀ | ਇਸ ਮੌਕੇ ਸਿੱਧੂਪੁਰ ਵਲੋਂ ਵਣਜਾਰਾ ਸਮਾਜ ਦਾ ਪ੍ਰਧਾਨ ਹੋਣ ਦੇ ਨਾਤੇ ਕੇਂਦਰੀ ਮੰਤਰੀ ਦਾ ਬਾਬਾ ਲੱਖੀ ਸ਼ਾਹ ਵਣਜਾਰਾ ਦੀ ਤਸਵੀਰ ਭੇਟ ਕਰਕੇ ਸਨਮਾਨ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਲੱਖੀ ਸ਼ਾਹ ਵਣਜਾਰਾ ਟਰੱਸਟ ਦੇ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ |