ਪਟਿਆਲਾ, 21 ਜੁਲਾਈ (ਅ. ਸ. ਆਹਲੂਵਾਲੀਆ)-ਨਗਰ ਨਿਗਮ ਦੀ ਲੈਂਡ ਸ਼ਾਖਾ ਵਲੋਂ ਅੱਜ ਫਿਰ ਨਾਜਾਇਜ਼ ਕਬਜ਼ੇ ਕਰ ਆਵਾਜਾਈ ਵਿਚ ਵਿਘਨ ਪਾਉਣ ਵਾਲਿਆਂ ਖਿਲਾਫ ਵੱਡੀ ਕਾਰਵਾਈ ਕੀਤੀ ਗਈ, ਇਹ ਕਾਰਵਾਈ ਸੇਵਾ ਠੀਕਰੀ ਵਾਲਾ ਬੁੱਤ ਤੋਂ ਰਾਜਿੰਦਰਾ ਹਸਪਤਾਲ ਦੇ ਪਿਛਲੇ ਪਾਸੇ ਜਾਂਦੀ ਸੜਕ ਉਪਰ ਕੀਤੀ ਗਈ | ਇਥੇ ਵੱਡੀ ਗਿਣਤੀ ਵਿਚ ਕੈਮਿਸਟ ਅਤੇ ਫਲ ਵੇਚਣ ਵਾਲਿਆਂ ਦਾ ਸਮਾਨ ਵੀ ਜ਼ਬਤ ਕੀਤਾ ਗਿਆ | ਕੈਮਿਸਟ ਦੀਆਂ ਦੁਕਾਨਾਂ ਦਾ ਸਮਾਨ ਦੁਕਾਨ ਦੇ ਸ਼ਟਰ ਤੋਂ 15 ਤੋਂ 20 ਫੁੱਟ ਬਾਹਰ ਰੱਖਿਆ ਗਿਆ ਸੀ ਜਿਸ ਨੂੰ ਕਾਰਵਾਈ ਦੌਰਾਨ ਨਿਗਮ ਮੁਲਾਜਮਾਂ ਨੇ ਚੁੱਕ ਕੇ ਗੱਡੀ ਵਿਚ ਰੱਖ ਲਿਆ | ਕੁਝ ਇਕ ਦੁਕਾਨਦਾਰਾਂ ਨੇ ਬਗੈਰ ਸਿਰ ਪੈਰ ਦੇ ਤਰਕ ਕਰਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਸਖਤੀ ਨਾਲ ਹੋਈ ਕਾਰਵਾਈ ਵਿਚ ਕਿਸੇ ਦੀ ਨਹੀਂ ਸੁਣੀ ਗਈ | ਇਸੇ ਤਰ੍ਹਾਂ ਸੜਕ ਦੇ ਅੱਧ ਤੱਕ ਫਲਾਂ ਦੇ ਠੀਹੇ ਲਗਾ ਕੇ ਆਵਾਜਾਈ ਨੂੰ ਰੋਕਣ ਵਾਲਿਆਂ ਨੂੰ ਅੱਗੋਂ ਅਜਿਹਾ ਨਾ ਕਰਨ ਦੀ ਚਿਤਾਵਨੀ ਦਿੰਦਿਆਂ ਕੁਝ ਸਮਾਨ ਜ਼ਬਤ ਵੀ ਕੀਤਾ ਗਿਆ | ਦੱਸਣਯੋਗ ਹੈ ਕਿ ਇਸ ਸੜਕ ਉਪਰ ਖੰੁਬਾਂ ਵਾਂਗ ਬਣੇ ਹਸਪਤਾਲ ਪਹਿਲਾਂ ਹੀ ਆਵਾਜਾਈ ਵਿਚ ਵੱਡੀ ਰੁਕਾਵਟ ਹਨ ਤੇ ਉਪਰੋਕਤ ਦੁਕਾਨਦਾਰਾਂ ਵਲੋਂ ਕੀਤੇ ਕਬਜ਼ੇ ਸਥਿਤੀ ਨੂੰ ਹੋਰ ਚਿੰਤਾਜਨਕ ਬਣਾਈ ਰੱਖ ਸਕਦੇ ਸਨ | ਲੈਂਡ ਸ਼ਾਖਾ ਦੇ ਇੰਸ. ਵਿਸ਼ਾਲ ਵਰਮਾ ਮੁਤਾਬਿਕ ਇਸ ਸੜਕ ਉੱਤੇ ਆਵਾਜਾਈ ਵਿਚ ਰੁਕਾਵਟ ਦੀਆਂ ਬਹੁਤ ਸ਼ਿਕਾਇਤਾਂ ਮਿਲੀਆਂ ਸਨ ਜਿਸ ਤੇ ਕਮਿਸ਼ਨਰ ਪਰਮਵੀਰ ਸਿੰਘ ਦੇ ਹੁਕਮਾਂ ਤੋਂ ਬਾਅਦ ਕਾਰਵਾਈ ਕੀਤੀ ਗਈ |