ਰਾਜਪੁਰਾ, 19 ਜੁਲਾਈ (ਰਣਜੀਤ ਸਿੰਘ)-ਪੰਜਾਬ ਪੁਲਿਸ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਫੜ ਕੇ ਥਾਣੇ ਵਿਚ ਬੰਦ ਕਰਕੇ ਰੱਖਣ ਦੀ ਕੋਝੀ ਹਰਕਤ ਨੇ ਸਰਕਾਰ ਦੀ ਬੌਨੀ ਸੋਚ 'ਤੇ ਮੋਹਰ ਲਾ ਦਿੱਤੀ ਹੈ, ਆਉਣ ਵਾਲਾ ਸਮਾਂ ਸ਼੍ਰੋਮਣੀ ਅਕਾਲੀ ਦਲ ਦਾ ਹੈ ਅਤੇ ਪੰਜਾਬ ਵਿਚ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੈਂਬਰ ਐਗਜ਼ੈਕਟਿਵ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਥੇਦਾਰ ਸੁਰਜੀਤ ਸਿੰਘ ਗੜੀ ਨੇ ਪੁਲਿਸ ਵਲੋਂ ਕਾਬੂ ਕਰਕੇ ਥਾਣੇ ਵਿਚ ਬੰਦ ਕਰਨ ਮੌਕੇ 'ਤੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ | ਇਸ ਮੌਕੇ 'ਤੇ ਉਨ੍ਹਾਂ ਨੇ ਕਿਹਾ ਕਿ ਉਹ ਤਾਂ ਅਕਾਲੀ ਦਲ ਦੇ ਮੈਂਬਰਾਂ ਨਾਲ ਪਟਿਆਲਾ ਵਿਖੇ ਇਕ ਸਮਾਗਮ ਵਿਚ ਸ਼ਾਮਲ ਹੋਣ ਲਈ ਜਾ ਰਹੇ ਸਨ ਪਰ ਪੁਲਿਸ ਨੇ ਉਨ੍ਹਾਂ ਨੂੰ ਇਸ ਗੱਲੋਂ ਗਿ੍ਫ਼ਤਾਰ ਕਰ ਲਿਆ ਕਿ ਉਹ ਮੋਹਾਲੀ ਅਦਾਲਤ ਵਿਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਵਿਚ ਸ਼ਾਮਲ ਨਾ ਹੋ ਸਕਣ, ਆਗੂਆਂ ਨੇ ਕਿਹਾ ਕਿ ਉਹ ਤਾਂ ਪਟਿਆਲਾ ਜਾ ਰਹੇ ਸਨ | ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਅਕਾਲੀ ਦਲ ਨਾਲ ਵਧੀਕੀਆਂ ਕਰ ਰਹੀ ਹੈ | ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਜ਼ਿਮਨੀ ਚੋਣਾਂ ਵਿਚ ਖੜੇ ਕਰਨ ਲਈ ਉਮੀਦਵਾਰ ਨਹੀ ਲੱਭਦੇ ਹਰ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਹੀ 'ਆਪ' ਪਾਰਟੀ ਦਾ ਉਮੀਦਵਾਰ ਬਣਾਇਆ ਜਾ ਰਿਹਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ | ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਮੁੱਛ ਤੋਂ ਡਰੀ ਬੈਠੀ ਹੈ | ਆਗੂਆਂ ਨੇ ਕਿਹਾ ਕਿ ਇਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਅਕਾਲੀ ਦਲ ਖ਼ਤਮ ਹੋ ਗਿਆ ਹੈ ਅਤੇ ਦੂਜੇ ਪਾਸੇ ਅਕਾਲੀ ਆਗੂਆਂ ਦੇ ਡਰ ਕਾਰਨ ਉਨ੍ਹਾਂ ਨੂੰ ਅੱਜ ਘਰਾਂ ਵਿਚ ਬੰਦ ਕਰ ਦਿੱਤਾ ਗਿਆ ਹੈ | ਆਗੂਆਂ ਨੇ ਮਾਨ ਸਰਕਾਰ ਦੇ ਖ਼ਿਲਾਫ਼ ਡਟਵੀਂ ਨਾਅਰੇਬਾਜ਼ੀ ਵੀ ਕੀਤੀ | ਇਸ ਮੌਕੇ 'ਤੇ ਸਾਬਕਾ ਕੌਂਸਲਰ ਰਣਜੀਤ ਸਿੰਘ ਰਾਣਾ ਸਿੱਧੂ, ਸਾਬਕਾ ਕੌਂਸਲਰ ਅਰਵਿੰਦਰ ਪਾਲ ਸਿੰਘ ਰਾਜੂ, ਸੁਰਿੰਦਰ ਸਿੰਘ ਘੁਮਾਣਾ, ਭੁਪਿੰਦਰ ਸਿੰਘ ਗੋਲੂ, ਰਘਬੀਰ ਸਿੰਘ ਮੋਹੀ, ਬਾਬਾ ਕੁਲਦੀਪ ਸਿੰਘ ਨਿਹੰਗ, ਮੰਗਤ ਸਿੰਘ ਮੰਗੂ, ਬਹਾਦਰ ਸਿੰਘ ਉਪਲਹੇੜੀ, ਬਚਿੱਤਰ ਸਿੰਘ ਸਾਹਲ, ਕੁਲਵੰਤ ਸਿੰਘ ਅਕਬਰਪੁਰ, ਬਲਕਾਰ ਸਿੰਘ ਆਲਮਪੁਰ, ਬਾਬਾ ਰਤਨ ਸਿੰਘ, ਬੈਦ ਸਿੰਘ ਸੁੱਖਾ ਅਕਬਰਪੁਰ, ਕੁਲਵਿੰਦਰ ਸਿੰਘ ਕਾਲੋ ਮਾਜਰਾ ਅਤੇ ਹੋਰ ਆਗੂ ਹਾਜ਼ਰ ਸਨ |