ਫ਼ਤਹਿਗੜ੍ਹ ਸਾਹਿਬ, 19 ਜੁਲਾਈ (ਬਲਜਿੰਦਰ ਸਿੰਘ)-ਸ਼ਿਵ ਕਾਂਵੜੀਆ ਸੇਵਾ ਸੰਮਤੀ ਵਲੋਂ ਜੀ.ਟੀ. ਰੋਡ ਸਰਹਿੰਦ 'ਤੇ ਚੋਪੜਾ ਪੈਲੇਸ ਵਿਖੇ ਸ਼ਰਧਾਲੂਆਂ ਲਈ ਲਗਾਏ ਗਏ ਕੈਂਪ ਦੀ ਸ਼ੁਰੂਆਤ ਵਿਧੀ ਪੂਰਵਕ ਪੂਜਾ ਨਾਲ ਹੋਈ | ਪ੍ਰਬੰਧਕਾਂ ਨੇ ਦੱਸਿਆ ਕਿ ਸਾਵਣ ਦੇ ਮਹੀਨੇ ਤਿ੍ਯੋਦਸ਼ੀ ਵਾਲੇ ਦਿਨ, ਪਵਿੱਤਰ ਸ਼ਿਵਲਿੰਗ 'ਤੇ ਜਲ ਚੜ੍ਹਾਉਣ ਦਾ ਵਿਸ਼ੇਸ਼ ਮਹੱਤਵ ਹੈ | ਜਿਸ ਲਈ ਕਾਂਵੜੀਆਂ ਪਵਿੱਤਰ ਸ਼ਿਵ ਲਿੰਗ 'ਤੇ ਜਲ ਚੜ੍ਹਾਉਣ ਲਈ ਹਰ ਕੀ ਪੌੜੀ ਤੋਂ ਗੰਗਾ ਦਾ ਜਲ ਆਪਣੇ ਮੋਢਿਆਂ 'ਤੇ ਕਾਵੜ ਲੈ ਕੇ ਆਪਣੇ ਘਰਾਂ ਨੂੰ ਵਾਪਸ ਆ ਰਹੇ ਹਨ | ਉਨ੍ਹਾਂ ਕਿਹਾ ਕਿ ਕੈਂਪ ਵਿਚ ਕਾਂਵੜੀਆਂ ਲਈ ਭੋਜਨ, ਆਰਾਮ, ਡਾਕਟਰੀ ਸਹਾਇਤਾ ਅਤੇ ਇਸ਼ਨਾਨ ਆਦਿ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ | ਸੇਵਾ ਦਲ ਦੇ ਆਗੂ ਦਵਿੰਦਰ ਕੁਮਾਰ ਭੱਟ ਨੇ ਕਿਹਾ ਕਿ ਕਾਂਵੜੀਆਂ ਲਈ ਸੇਵਾ ਦਿਨ-ਰਾਤ ਜਾਰੀ ਹੈ ਅਤੇ ਇਹ ਸੇਵਾ ਤਿ੍ਯੋਦਸ਼ੀ ਵਾਲੇ ਦਿਨ ਤੱਕ ਜਾਰੀ ਰਹੇਗੀ, ਜਿਸ ਦਿਨ ਭਗਵਾਨ ਸ਼ਿਵ ਨੂੰ ਜਲ ਚੜ੍ਹਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਕਾਂਵੜੀਆਂ ਦੀ ਸੇਵਾ ਵਿਚ ਸਮਾਜਿਕ ਸੰਸਥਾਵਾਂ ਅਤੇ ਸ਼ਹਿਰਵਾਸੀ ਪੂਰਨ ਸਹਿਯੋਗ ਦੇ ਰਹੇ ਹਨ | ਇਸ ਮੌਕੇ ਕਾਂਵੜੀਆਂ ਦੀ ਸੇਵਾ ਕਰਨ ਵਾਲਿਆਂ ਵਿਚ ਹੇਮਰਾਜ ਧੀਮਾਨ, ਬਲਵੀਰ ਸਿੰਘ, ਵਿਨੈ ਗੁਪਤਾ, ਦਿਨੇਸ਼ ਗੁਪਤਾ, ਵਿਜੇ ਕੁਮਾਰ ਚੋਪੜਾ, ਘਨਸ਼ਿਆਮ ਸਿਆਲ, ਅਸ਼ੋਕ ਕੁਮਾਰ ਅਤੇ ਦਿਨੇਸ਼ ਕੁਮਾਰ ਸ਼ਾਮਿਲ ਸਨ |