ਦੇਵੀਗੜ੍ਹ, 19 ਜੁਲਾਈ (ਰਾਜਿੰਦਰ ਸਿੰਘ ਮੌਜੀ)-ਦੇਵੀਗੜ੍ਹ ਇਲਾਕੇ ਦੇ ਸਮਾਜ ਸੇਵਕ ਭੁਪਿੰਦਰ ਸਿੰਘ ਮਸਿੰਗਣ ਨੇ ਕਿਹਾ ਹੈ ਕਿ ਪੰਜਾਬ ਵਿਚ ਹੋ ਰਹੀਆਂ ਧਾਰਮਿਕ ਬੇਅਦਬੀਆਂ ਸਿੱਖ ਸੰਗਤਾਂ 'ਤੇ ਸਿੱਧਾ ਹਮਲਾ ਹਨ | ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਵੀ ਬੇਅਦਬੀ ਦੇ ਮਾਮਲਿਆਂ 'ਤੇ ਮਤੇ ਪਾਸ ਕੀਤੇ ਸਨ ਪਰ ਅਫ਼ਸੋਸ ਹੈ ਕਿ ਉਹ ਮਤੇ ਕਦੇ ਲਾਗੂ ਨਹੀਂ ਹੋਏ | ਮੌਜੂਦਾ ਸਰਕਾਰ ਵੀ ਉਨ੍ਹਾਂ ਦੀਆਂ ਰਾਹਾਂ 'ਤੇ ਚੱਲ ਰਹੀ ਹੈ ਜੋ ਸਿਰਫ਼ ਮਤਾ ਪਾਸ ਕਰਕੇ ਲੋਕਾਂ ਨੂੰ ਭੰਬਲਭੂਸੇ ਵਿਚ ਪਾ ਰਹੀ ਹੈ | ਭੁਪਿੰਦਰ ਸਿੰਘ ਮਸਿੰਗਣ ਨੇ ਮੰਗ ਕੀਤੀ ਕਿ ਹੁਣ ਦੀ ਸਰਕਾਰ ਨੂੰ ਸਿਰਫ਼ ਮਤਾ ਪਾਸ ਕਰਕੇ ਕੰਮ ਨਹੀਂ ਚਲਾਉਣਾ ਚਾਹੀਦਾ ਬਲਕਿ ਬੇਅਦਬੀ ਵਾਲੇ ਮਾਮਲਿਆਂ 'ਚ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਇਹ ਮਤਾ ਲਾਗੂ ਕੀਤਾ ਜਾਵੇ | ਉਨ੍ਹਾਂ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਧਾਰਮਿਕ ਸਥਾਨਾਂ ਦੀ ਪਵਿੱਤਰਤਾ ਬਰਕਰਾਰ ਰੱਖਣ ਅਤੇ ਅਜਿਹੀਆਂ ਘਟਨਾਵਾਂ ਦੇ ਵਿਰੋਧ ਵਿਚ ਇਕੱਠੇ ਹੋਣ | ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸਰਕਾਰ ਇਨਸਾਫ਼ ਨਹੀਂ ਕਰਦੀ ਤਾਂ ਲੋਕ ਸਵੈ ਇਨਸਾਫ਼ ਲਈ ਮਜਬੂਰ ਹੋਣਗੇ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬੇਅਦਬੀ ਵਿਰੁੱਧ ਪਾਸ ਹੋਏ ਮਤੇ ਨੂੰ ਤੁਰੰਤ ਲਾਗੂ ਕੀਤਾ ਜਾਵੇ ਅਤੇ ਅਜਿਹੀਆਂ ਘਟਨਾਵਾਂ 'ਤੇ ਰੋਕ ਲਗਾਉਣ ਲਈ ਨਵੇਂ ਸਖ਼ਤ ਕਾਨੂੰਨ ਬਣਾਏ ਜਾਣ |