ਮੁਕੰਦਪੁਰ, 8 ਦਸੰਬਰ (ਅਮਰੀਕ ਸਿੰਘ ਢੀਂਡਸਾ) - ਡਾ. ਬੀ.ਆਰ ਅੰਬੇਡਕਰ ਲਾਇਬ੍ਰੇਰੀ ਸਰਹਾਲ ਕਾਜ਼ੀਆਂ ਵਿਖੇ ਬਾਬਾ ਸਾਹਿਬ ਡਾ. ਬੀ.ਆਰ ਅੰਬੇਡਕਰ ਦੇ ਪ੍ਰੀ ਨਿਰਵਾਣ ਦਿਵਸ 'ਤੇ ਬੱਚਿਆਂ ਦੇ ਕੁਇਜ਼ ਅਤੇ ਖੇਡ ਮੁਕਾਬਲੇ ਕਰਵਾਏ ਗਏ | ਜਿਸ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਸਰਹਾਲ ਕਾਜ਼ੀਆਂ, ਸਰਕਾਰੀ ਪ੍ਰਾਇਮਰੀ ਸਕੂਲ ਨੂਰਪੁਰ, ਸੀਨੀਅਰ ਸੈਕੰਡਰੀ ਸਕੂਲ ਚੱਕ ਬਿਲਗਾਂ ਤੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸਰਹਾਲ ਕਾਜ਼ੀਆਂ ਦੇ ਬੱਚਿਆਂ ਨੇ ਭਾਗ ਲਿਆ | ਇਸ ਸਮਾਗਮ ਦੇ ਮੁੱਖ ਮਹਿਮਾਨ ਰਾਮ ਲਾਲ ਭਾਟੀਆ ਤੇ ਬਲਬੀਰ ਕੌਰ ਭਾਟੀਆ ਯੂ.ਐਸ.ਏ ਵੱਲੋਂ ਬੱਚਿਆਂ ਨੂੰ ਇਨਾਮ ਭੇਟ ਕੀਤੇ ਗਏ | ਇਸ ਮੌਕੇ ਬੋਲਦੇ ਹੋਏ ਰਾਮ ਲਾਲ ਭਾਟੀਆ ਯੂ.ਐਸ.ਏ ਨੇ ਕਿਹਾ ਕਿ ਸਾਨੂੰ ਬਾਬਾ ਸਾਹਿਬ ਦੀ ਸੋਚ ਨੂੰ ਅਪਣਾ ਕੇ ਜੀਵਨ ਵਿੱਚ ਅੱਗੇ ਵਧਣਾ ਚਾਹੀਦਾ ਹੈ | ਚੰਗਾ ਪੜ੍ਹ ਲਿਖ ਕੇ ਸਮਾਜ ਦੀ ਸੇਵਾ ਕਰਨੀ ਚਾਹੀਦੀ ਹੈ | ਉਹਨਾਂ ਕਿਹਾ ਕਿ ਬਾਬਾ ਸਾਹਿਬ ਨੇ ਆਪਣਾ ਸਾਰਾ ਜੀਵਨ ਦੱਬੇ, ਕੁਚਲੇ, ਗਰੀਬ ਅਤੇ ਦਲਿਤ ਵਰਗ ਦੇ ਲੋਕਾਂ ਲਈ ਵਾਰ ਦਿੱਤਾ | ਸਾਨੂੰ ਉਹਨਾਂ ਦੇ ਸੰਘਰਸ਼ ਤੋਂ ਸੇਧ ਲੈਣੀ ਚਾਹੀਦੀ ਹੈ | ਇਸ ਮੌਕੇ ਬੀ. ਆਰ ਅੰਬੇਡਕਰ ਐਜੂਕੇਸ਼ਨ ਅਤੇ ਹੈਲਥ ਕਲੱਬ ਦੇ ਪ੍ਰਧਾਨ ਲਖਵੀਰ ਸਿੰਘ, ਰਾਮ ਲਾਲ ਭਾਟੀਆ ਯੂ.ਐਸ.ਏ, ਲੈਕ. ਸੁਰਜੀਤ ਸੈਂਪਲੇ, ਦਰਬਾਰੀ ਲਾਲ ਮਿਸ਼ਨਰੀ ਆਗੂ, ਪਿ੍ਥੀ ਪਾਲ ਭਾਟੀਆ ਏ.ਐਸ.ਆਈ, ਸਨੀ ਕੁਮਾਰ, ਸੁਰਜੀਤ ਪਹਿਲਵਾਨ, ਸੁਖਜਿੰਦਰ ਪਾਲ ਬਾਗਲਾ, ਭਾਵਨਾ ਭਾਟੀਆ, ਪ੍ਰਭਜੋਤ ਕੌਰ ਅਤੇ ਬੱਚਿਆਂ ਦੇ ਮਾਪੇ ਮੌਜੂਦ ਸਨ |