ਬਲਾਚੌਰ, 8 ਦਸੰਬਰ (ਦੀਦਾਰ ਸਿੰਘ ਬਲਾਚੌਰੀਆ)-ਸੂਬਾ ਜੁਆਇੰਟ ਫੋਰਮ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਬਿਜਲੀ ਮਹਿਕਮੇ ਨਾਲ ਸੰਬਧਤ ਜਥੇਬੰਦੀਆਂ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਬਿਜਲੀ ਸੋਧ ਬਿੱਲ 2025 ਦੇ ਲੇਬਰ ਕੋਡ ਬਿੱਲ 2025 ਦੇ ਸੰਬੰਧ ਵਿੱਚ ਬਿਜਲੀ ਦਫ਼ਤਰ ਬਲਾਚੌਰ ਦੇ ਗੇਟ ਅੱਗੇ ਬਿਜਲੀ ਬਿੱਲ ਤੇ ਲੇਬਰ ਕੋਡ ਬਿੱਲ ਦੀਆਂ ਕਾਪੀਆਂ ਫ਼ੂਕ ਕੇ ਕੇਂਦਰ ਦੀ ਮੋਦੀ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀਆਂ ਮੁਲਾਜ਼ਮ ਤੇ ਕਿਸਾਨ-ਮਜ਼ਦੂਰ ਵਿਰੋਧੀ ਨੀਤੀਆਂ ਦਾ ਪਿੱਟ ਸਿਆਪਾ ਕੀਤਾ | ਇਸ ਮੌਕੇ ਸੰਘਰਸ਼ੀ ਮੁਲਾਜ਼ਮ ਆਗੂ ਮੋਹਨ ਸਿੰਘ ਲੰਗੜੋਆ, ਇਕਬਾਲ ਸਿੰਘ ਸਹੋਤਾ, ਜਸਵਿੰਦਰ ਸਿੰਘ ਗੜ੍ਹੀ, ਸਰਬਜੀਤ ਸਿੰਘ ਸੈਣੀ, ਵਿਨੋਦ ਕੁਮਾਰ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਸੰਤੋਖ ਸਿੰਘ ਰੈਲ, ਸਰਪੰਚ ਕੁਲਵਿੰਦਰ ਪਰਾਗਪੁਰ, ਕੌਮੀ ਕਿਸਾਨ ਯੂਨੀਅਨ ਦੇ ਆਗੂ ਨਿਰਮਲ ਸਿੰਘ ਔਜਲਾ, ਹਰਵਿੰਦਰ ਸਿੰਘ ਚਾਹਲ, ਪਵਨ ਸ਼ਰਮਾ ਨੇ ਕਿਹਾ ਕਿ ਉਕਤ ਦੋਨਾਂ ਬਿੱਲਾਂ ਦਾ ਮਾੜਾ ਅਸਰ ਮੁਲਾਜ਼ਮਾਂ, ਕਿਸਾਨ-ਮਜ਼ਦੂਰਾਂ ਅਤੇ ਆਮ ਲੋਕਾਂ 'ਤੇ ਪਵੇਗਾ ਅਤੇ ਵਿੱਤੀ ਬੋਝ ਦੇ ਝੰਬੇ ਹੋਏ ਲੋਕਾਂ ਦੀ ਪ੍ਰੇਸ਼ਾਨੀ ਵਿੱਚ ਅਥਾਹ ਵਾਧਾ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਬਿਜਲੀ ਵਿਭਾਗ ਨੂੰ ਆਪਣੇ ਚਹੇਤਿਆਂ ਦੇ ਹੱਥ 'ਚ ਦੇ ਕੇ ਮਨਮਰਜ਼ੀ ਦੀ ਖੁੱਲ੍ਹ ਦੇਣ ਦੀ ਕਥਿਤ ਤਾਕ ਵਿੱਚ ਹੈ ਅਤੇ ਸ਼ਰੇਆਮ ਲੋਕਾਂ ਦੀ ਜੇਬ 'ਤੇ ਡਾਕੇ ਪੈਣ ਲੱਗ ਪੈਣਗੇ ਅਤੇ ਬਿਜਲੀ ਮੁਲਾਜ਼ਮਾਂ 'ਤੇ ਮਾੜਾ ਅਸਰ ਪਵੇਗਾ | ਉਨ੍ਹਾਂ ਕਿਹਾ ਕਿ ਦੂਜੇ ਪਾਸੇ ਪੰਜਾਬ ਸਰਕਾਰ ਬਿਜਲੀ ਮਹਿਕਮੇ ਦੀਆਂ ਇਮਾਰਤਾਂ ਤੇ ਜ਼ਮੀਨਾਂ ਨੂੰ ਵੇਚਣ ਦੀ ਤਾਕ ਵਿੱਚ ਹੈ | ਉਨ੍ਹਾਂ ਕਿਹਾ ਕਿ ਲੱਗਦਾ ਸਰਕਾਰ ਆਪਣੇ ਚਹੇਤਿਆਂ ਨੂੰ ਵੇਚ ਕੇ ਸ਼ਹਿਰੋਂ ਬਾਹਰ ਕਿਸੇ ਸਸਤੀ ਜ਼ਮੀਨ ਖ਼ਰੀਦ ਕੇ ਦਫ਼ਤਰ ਬਣਾਉਣਾ ਚਾਹੁੰਦੀ ਹੈ, ਪਰ ਮੁਲਾਜ਼ਮ, ਕਿਸਾਨ-ਮਜ਼ਦੂਰ ਜਥੇਬੰਦੀਆਂ ਸਰਕਾਰ ਦਾ ਇਹ ਮਨਸੂਬਾ ਵੀ ਕਾਮਯਾਬ ਨਹੀਂ ਹੋਣ ਦੇਣਗੀਆਂ | ਇਸ ਮੌਕੇ ਮੰਡਲ ਸਕੱਤਰ ਧਰਮਪਾਲ, ਸਰਬਜੀਤ ਸਿੰਘ, ਕਰਨੈਲ ਸਿੰਘ, ਨਰਿੰਦਰ ਸਿੰਘ, ਅਮਰੀਕ ਸਿੰਘ ਮੰਡਲ ਪ੍ਰਧਾਨ, ਰੇਸ਼ਮ ਸਿੰਘ ਬਲਾਚੌਰ, ਸੋਢੀ ਸਿੰਘ, ਕਿਸਾਨ ਆਗੂਆਂ ਵੱਲੋਂ ਭੁਪਿੰਦਰ ਸਿੰਘ ਭਿੰਦਾ, ਜਸਵੀਰ ਸਿੰਘ ਚਾਹਲ, ਹਰਪਾਲ ਸਿੰਘ ਮੱਕੋਵਾਲ, ਗੁਰਮੁਖ ਸਿੰਘ, ਸੁਰਜੀਤ ਸਿੰਘ, ਮਾਸਟਰ ਦੇਵ ਰਾਜ, ਹਰਵਿੰਦਰ ਸਿੰਘ ਟੌਂਸਾ, ਲਖਵਿੰਦਰ ਸਿੰਘ, ਜੱਸੀ ਕਾਠਗੜ੍ਹ, ਚਰਨ ਸਿੰਘ ਆਦਿ ਨੇ ਵੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਦੀ ਮੁਲਾਜ਼ਮ, ਕਿਸਾਨ-ਮਜ਼ਦੂਰ ਵਿਰੋਧੀ ਨੀਤੀਆਂ ਦਾ ਡੱਟ ਕੇ ਵਿਰੋਧ ਕਰਨ ਦਾ ਅਹਿਦ ਕੀਤਾ |
ਜੁਆਇੰਟ ਫੋਰਮ ਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ <br/>
ਅਜੀਤ ਡੈਸਕ
09-12-2025