ਬਹਿਰਾਮ, 3 ਦਸੰਬਰ (ਸਰਬਜੀਤ ਸਿੰਘ ਰਾਣਾ)-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਸਰਕਾਰੀ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਵੱਲੋਂ ਵਿਭਾਗਾਂ ਦੇ ਨਿੱਜੀਕਰਨ ਦੀ ਨੀਤੀ ਨੂੰ ਰੱਦ ਕਰਕੇ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿਚ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਕੀਤੀ ਜਾ ਰਹੀ ਤਿੰਨ ਰੋਜ਼ਾ ਹੜਤਾਲ ਸ਼ੁਰੂ ਹੋ ਗਈ ਹੈ | ਅਵਤਾਰ ਸਿੰਘ ਚੱਕ ਗੁਰੂ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ ਨੇ ਕਿਹਾ ਕਿ ਸਮੂਹ ਸਰਕਾਰੀ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ 'ਚ ਮਰਜ਼ ਕਰਕੇ ਪੱਕਾ ਕਰਨ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਪੌਣੇ ਚਾਰ ਸਾਲ ਦੇ ਕਾਰਜਕਾਲ ਵਿੱਚ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਸਬੰਧੀ ਅਜੇ ਤੱਕ ਕੋਈ ਵੀ ਨੀਤੀ ਨਹੀਂ ਬਣਾਈ | ਸਰਕਾਰੀ ਵਿਭਾਗਾਂ ਦੇ ਠੇਕਾ ਮੁਲਾਜ਼ਮ ਵੱਲੋਂ 2, 3 ਅਤੇ 4 ਦਸੰਬਰ ਨੂੰ ਤਿੰਨ ਰੋਜ਼ਾ ਹੜਤਾਲ ਕਰਕੇ ਆਪਣੇ ਆਪਣੇ ਵਿਭਾਗਾਂ ਦੇ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕਰਨ ਦੇ ਉਲੀਕੇ ਸੰਘਰਸ਼ ਤਹਿਤ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ 'ਤੇ ਅਵਤਾਰ ਸਿੰਘ ਚੱਕ ਗੁਰੂ ਬ੍ਰਾਂਚ ਸਰਹਾਲ ਕਾਜ਼ੀਆਂ, ਜਨਕ ਰਾਜ ਬ੍ਰਾਂਚ ਕਟਾਰੀਆਂ, ਕਸ਼ਮੀਰ ਸਿੰਘ ਬ੍ਰਾਂਚ ਘੁੰਮਣਾਂ, ਜਸਵੀਰ ਰਾਮ ਹਕੀਮਪੁਰ, ਜਸਵਿੰਦਰ ਸਿੰਘ ਸ਼ੂਗਰ ਮਿੱਲ ਬ੍ਰਾਂਚ, ਸੁਰਿੰਦਰ ਸਿੰਘ ਮਾਹਿਲ-ਗਹਿਲਾਂ, ਅਨੂਪ ਕੁਮਾਰ ਬੰਗਾ ਬ੍ਰਾਂਚ, ਦਿਲਾਵਰ ਸਿੰਘ ਸੰਧਵਾਂ ਬ੍ਰਾਂਚ ਆਦਿ ਹਾਜ਼ਰ ਸਨ |