ਨਵਾਂਸ਼ਹਿਰ, 3 ਦਸੰਬਰ (ਜਸਬੀਰ ਸਿੰਘ ਨੂਰਪੁਰ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਲੋਕਾਂ 'ਚ ਬਹੁਤ ਘੱਟ ਉਤਸ਼ਾਹ ਪਾਇਆ ਜਾ ਰਿਹਾ ਹੈ | ਤਿੰਨ ਦਿਨ ਤੋਂ ਨਾਮਜਦਗੀਆਂ ਦਾ ਕੰਮ ਬਹੁਤ ਹੀ ਮੱਠਾ ਰਿਹਾ | ਜ਼ਿਲੇ੍ਹ ਅੰਦਰ ਜ਼ਿਲ੍ਹਾ ਪ੍ਰੀਸ਼ਦ ਲਈ ਪੰਜ ਉਮੀਦਵਾਰਾਂ ਅਤੇ ਬਲਾਕ ਸੰਮਤੀ ਦੇ ਲਈ 53 ਉਮੀਦਵਾਰਾਂ ਨੇ ਨਵਾਂਸ਼ਹਿਰ, ਬੰਗਾ ਅਤੇ ਬਲਾਚੌਰ, 'ਚ ਨਾਮਜਦਗੀ ਪੇਪਰ ਦਾਖਲ ਕਰਵਾਏ | ਚੋਣਾਂ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਅਤੇ ਚੋਣ ਅਬਜਰਵਰ ਵਿਸ਼ੇਸ਼ ਸਾਰੰਗਲ ਨੇ ਪ੍ਰਬੰਧਾਂ ਦੀ ਸਮੀਖਿਆ ਕੀਤੀ | ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਲਈ 10 ਅਤੇ ਪੰਚਾਇਤ ਸੰਮਤੀਆਂ ਲਈ 82 ਜੋਨ ਬਣਾਏ ਗਏ ਹਨ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 466 ਗ੍ਰਾਮ ਪੰਚਾਇਤਾਂ, 462 ਪੋਲਿੰਗ ਸਟੇਸ਼ਨ, 633 ਪੋਲਿੰਗ ਬੂਥ ਅਤੇ 417240 ਵੋਟਰ ਹਨ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਲਈ ਬਣਾਏ ਜੋਨਾਂ ਵਿੱਚ 3 ਜੋਨ ਨਵਾਂਸ਼ਹਿਰ, 1 ਸੜੋਆ, 2 ਬਲਾਚੌਰ ਅਤੇ 4 ਬੰਗਾ ਅਧੀਨ ਆਉਂਦੇ ਹਨ | ਇਸੇ ਤਰ੍ਹਾਂ ਬਲਾਕ ਸੰਮਤੀਆਂ ਲਈ ਬੰਗਾ ਅਤੇ ਨਵਾਂਸ਼ਹਿਰ ਵਿੱਚ 25-25, ਬਲਾਚੌਰ 'ਚ 17 ਅਤੇ ਸੜੋਆ ਵਿੱਚ 15 ਜੋਨ ਬਣਾਏ ਗਏ ਹਨ | ਚੋਣ ਅਬਜਰਵਰ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਨਿਰਪੱਖ, ਆਜ਼ਾਦਾਨਾ ਅਤੇ ਸੁਚੱਜੇ ਢੰਗ ਨਾਲ ਚੋਣ ਪ੍ਰਕੀਰਿਆ ਮੁਕੰਮਲ ਕਰਨ ਲਈ ਹਰ ਪੱਖੋਂ ਪੁੱਖਤਾ ਇੰਤਜਾਮ ਕੀਤੇ ਜਾਣ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਅਵਨੀਤ ਕੌਰ, ਐਸ.ਪੀ ਹੈਡਕੁਆਰਟਰ ਇਕਬਾਲ ਸਿੰਘ, ਸਬ-ਡਵੀਜਨਾਂ ਦੇ ਐਸ.ਡੀ.ਐਮਜ਼ ਅਤੇ ਨੋਡਲ ਅਧਿਕਾਰੀ ਵੀ ਮੌਜੂਦ ਸਨ |
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ ਜ਼ਿਲ੍ਹਾ ਪ੍ਰੀਸ਼ਦ ਲਈ 5 ਅਤੇ ਬਲਾਕ ਸੰਮਤੀ ਲਈ 53 ਉਮੀਦਵਾਰਾਂ ਵਲੋਂ ਪੇਪਰ ਦਾਖਲ <br/>
ਅਜੀਤ ਡੈਸਕ
04-12-2025