ਪੋਜੇਵਾਲ ਸਰਾਂ, 20 ਨਵੰਬਰ (ਬੂਥਗੜ੍ਹੀਆ)-ਸਰਕਾਰ ਦੇ ਵੱਲੋਂ ਜੰਗਲ ਦੇ ਵਿੱਚ ਸ਼ਿਕਾਰ ਕਰਨ ਤੇ ਪੂਰੀ ਰੋਕ ਲਗਾ ਰੱਖੀ ਹੈ | ਪਰ ਪਿੰਡਾਂ ਦੇ ਜੰਗਲੀ ਖੇਤਰ ਦੇ ਅੰਦਰ ਲੋਕਾਂ ਵੱਲੋਂ ਰੱਖੇ ਸ਼ਿਕਾਰੀ ਕੁੱਤਿਆਂ ਦੇ ਮਾਲਕ ਸਰਕਾਰ ਤੇ ਪ੍ਰਸ਼ਾਸਨ ਦੇ ਹੁਕਮਾਂ ਨੂੰ ਟਿੱਚ ਨਹੀਂ ਜਾਣਦੇ ਹਨ ਤੇ ਉਹਨਾਂ ਵੱਲੋਂ ਜੰਗਲ ਦੇ ਵਿੱਚ ਸ਼ਿਕਾਰ ਕੀਤਾ ਜਾ ਰਿਹਾ | ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿੱਚ ਪਿੰਡ ਮਾਲੇਵਾਲ ਦੇ ਅਧੀਨ ਪੈਂਦੇ ਜੰਗਲ ਦੇ ਵਿੱਚ ਸ਼ਿਕਾਰੀ ਕੁੱਤਿਆਂ ਦੇ ਵੱਲੋਂ ਇੱਕ ਅਵਾਰਾ ਗਾਂ ਨੂੰ ਬੂਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਹੈ | ਪਤਾ ਚੱਲਿਆ ਹੈ ਕਿ ਪਿੰਡ ਦੇ ਜੰਗਲ ਵਿੱਚ ਰਾਤ, ਸਵੇਰੇ-ਸ਼ਾਮ ਨੂੰ ਕੁੱਝ ਸ਼ਿਕਾਰੀ ਆਪਣੇ ਕੁੱਤਿਆਂ ਨੂੰ ਸ਼ਿਕਾਰ ਕਰਨ ਦੇ ਲਈ ਜੰਗਲ ਦੇ ਵਿੱਚ ਵੱਖ-ਵੱਖ ਪਿੰਡਾਂ ਤੋਂ ਲਿਆਉਂਦੇ ਹਨ ਤੇ ਸ਼ਿਕਾਰ ਕਰਦੇ ਹਨ | ਜਿਸ ਦੇ ਤਹਿਤ ਪਿੰਡਾਂ ਦੇ ਲੋਕਾਂ ਦੇ ਪਸ਼ੂ ਜਾਂ ਅਵਾਰਾਂ ਪਸ਼ੂਆਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਿੰਡ ਦੇ ਨੌਜਵਾਨ ਸਮਾਜ ਸੇਵੀ ਆਗੂ ਸੇਠੀ ਭੂੰਬਲਾ ਤੇ ਪਿੰਡ ਦੇ ਹੋਰ ਨੌਜਵਾਨਾਂ ਨੇ ਦੱਸਿਆ ਕਿ ਸ਼ਿਕਾਰੀ ਕੁੱਤਿਆਂ ਦੇ ਵੱਲੋਂ ਜ਼ਖ਼ਮੀ ਕੀਤੀ ਅਵਾਰਾ ਗਾਂ ਨੂੰ ਨੌਜਵਾਨਾਂ ਦੇ ਵੱਲੋਂ ਇਲਾਜ ਦੇ ਲਈ ਲਿਆਂਦਾ ਗਿਆ ਤੇ ਉਸ ਨੂੰ ਡਕਟਰੀ ਸਹਾਇਤਾ ਵੀ ਦਿੱਤੀ ਗਈ | ਪਿੰਡ ਦੇ ਲੋਕਾਂ ਤੇ ਨੌਜਵਾਨਾਂ ਨੇ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਪਿੰਡਾਂ ਦੇ ਜੰਗਲ ਵਿੱਚ ਸ਼ਿਕਾਰ ਕਰਨ ਆਉਂਦੇ ਲੋਕਾਂ 'ਤੇ ਸਖ਼ਤ ਤੋਂ ਸ਼ਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਪਿੰਡਾਂ ਦੇ ਲੋਕਾਂ ਦੇ ਪਸ਼ੂਆਂ ਦੀ ਜਾਨ ਨੂੰ ਸ਼ਿਕਾਰੀ ਕੁੱਤਿਆਂ ਤੋਂ ਬਚਾਇਆ ਜਾ ਸਕੇ |