ਨਵਾਂਸ਼ਹਿਰ/ਉਸਮਾਨਪੁਰ, 20 ਨਵੰਬਰ (ਜਸਬੀਰ ਸਿੰਘ ਨੂਰਪੁਰ, ਸੰਦੀਪ ਮਝੂਰ)-ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਵਲੋਂ ਸ਼ਹੀਦ ਮਾਸਟਰ ਗਿਆਨ ਸਿੰਘ ਸੰਘਾ ਦੀ 33ਵੀਂ ਬਰਸੀ ਮੌਕੇ ਪਿੰਡ ਸ਼ਹਾਬਪੁਰ ਵਿਖੇ ਸਿਆਸੀ ਕਾਨਫ਼ਰੰਸ ਕੀਤੀ ਗਈ | ਇਸ ਮੌਕੇ ਬੁਲਾਰਿਆਂ ਨੇ ਲੋਕਾਂ ਨੂੰ ਮੋਦੀ ਸਰਕਾਰ ਦੇ ਫਾਸ਼ੀਵਾਦ ਵਿਰੁੱਧ ਡਟਣ ਦਾ ਸੱਦਾ ਦਿੱਤਾ | ਕਾਮਰੇਡ ਮਾਸਟਰ ਗਿਆਨ ਸਿੰਘ ਸੰਘਾ ਨੂੰ ਖਾਲਿਸਤਾਨੀ ਤਾਕਤਾਂ ਨੇ 20 ਨਵੰਬਰ 1992 ਨੂੰ ਸ਼ਹੀਦ ਕਰ ਦਿੱਤਾ ਸੀ | ਕਾਮਰੇਡ ਸੰਘਾ ਦੀ ਯਾਦਗਾਰ ਉੱਤੇ ਪਾਰਟੀ ਦਾ ਝੰਡਾ ਲਹਿਰਾਉਣ ਦੀ ਰਸਮ ਪਾਰਟੀ ਦੇ ਆਗੂ ਕਾਮਰੇਡ ਹਰੀ ਰਾਮ ਰਸੂਲਪੁਰੀ ਵਲੋਂ ਨਿਭਾਈ ਗਈ | ਇਸ ਮੌਕੇ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਸਾਨੂੰ ਸ਼ਹੀਦ ਸਾਥੀ ਸੰਘਾ ਦੇ ਦਰਸਾਏ ਰਾਹ ਉੱਤੇ ਚੱਲਦਿਆਂ ਜਮਾਤੀ ਯੁੱਧ ਨੂੰ ਹੋਰ ਤੇਜ਼ ਕਰਨ ਦਾ ਪ੍ਰਣ ਕਰਨਾ ਚਾਹੀਦਾ ਹੈ | ਇਸ ਉਪਰੰਤ ਸਿਆਸੀ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੀਨੀਅਰ ਸੂਬਾਈ ਆਗੂਆਂ ਕਾਮਰੇਡ ਅਜਮੇਰ ਸਿੰਘ ਸਮਰਾ, ਕਾਮਰੇਡ ਕੁਲਵਿੰਦਰ ਸਿੰਘ ਵੜੈਚ, ਕਾਮਰੇਡ ਦਲਜੀਤ ਸਿੰਘ ਐਡਵੋਕੇਟ ਨੇ ਆਖਿਆ ਕਿ ਸ਼ਹੀਦ ਸਾਥੀ ਸੰਘਾ ਦੀ ਦੇਣ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ | ਇਸ ਮੌਕੇ ਸੀ.ਪੀ.ਆਈ ਐਮ.ਐਲ ਵੱਲੋਂ ਸ਼ਹੀਦੀ ਯਾਦਗਾਰ ਕਮੇਟੀ ਵੱਲੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਬਿੱਕਰ ਸਿੰਘ ਹਥੋਆ ਨੂੰ ਸ਼ਹੀਦ ਮਾਸਟਰ ਗਿਆਨ ਸਿੰਘ ਸੰਘਾ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ | ਬੀਬੀ ਸੱਤਿਆ ਤੇ ਸੰਘਰਸ਼ਾਂ ਵਿੱਚ ਭੈਣ ਗੁਰਬਖ਼ਸ਼ ਕੌਰ ਸੰਘਾ ਦਾ ਸਾਥ ਦੇਣ ਵਾਲੀ ਪਿੰਡ ਸ਼ਹਾਬਪੁਰ ਦੀ ਬੀਬੀ ਸੱਤਿਆ ਦੇਵੀ ਨੂੰ ਕਾਮਰੇਡ ਗੁਰਬਖਸ਼ ਕੌਰ ਸੰਘਾ ਯਾਦਗਾਰੀ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਇਸਤਰੀ ਜਾਗਰਤੀ ਮੰਚ ਵੱਲੋਂ ਭੈਣ ਗੁਰਬਖ਼ਸ਼ ਕੌਰ ਸੰਘਾ ਦੇ ਜੀਵਨ ਅਤੇ ਸੰਘਰਸ਼ਾਂ 'ਤੇ ਛਾਪੀ ਗਈ ਪੁਸਤਕ ਵੀ ਰਿਲੀਜ਼ ਕੀਤੀ ਗਈ | ਇਸ ਮੌਕੇ ਆਜ਼ਾਦ ਕਲਾ ਮੰਚ ਫਗਵਾੜਾ ਦੀ ਨਾਟਕ ਟੀਮ ਵਲੋਂ ਇਨਕਲਾਬੀ ਮੇਰੇ ਖ਼ਿਆਲ ਕੋਰੀਓਗਰਾਫੀਆਂ ਪੇਸ਼ ਕੀਤੀਆਂ ਗਈਆਂ | ਪ੍ਰੋਗਰਾਮ ਦੇ ਅੰਤ ਵਿੱਚ ਬਲਵੀਰ ਸਿੰਘ ਸੰਘਾ ਨੇ ਸਾਰਿਆਂ ਦਾ ਧੰਨਵਾਦ ਕੀਤਾ | ਮੰਚ ਸੰਚਾਲਨਾ ਕਾਮਰੇਡ ਅਵਤਾਰ ਸਿੰਘ ਤਾਰੀ ਨੇ ਕੀਤੀ |