ਨਵਾਂਸ਼ਹਿਰ, 18 ਨਵੰਬਰ (ਜਸਬੀਰ ਸਿੰਘ ਨੂਰਪੁਰ) - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਭਾਰਤੀ ਖੇਤੀ ਖੋਜ ਸੰਸਥਾ-ਅਟਾਰੀ, ਜੋਨ-1, ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ, ਕਿ੍ਸ਼ੀ ਵਿਗਿਆਨ ਕੇਂਦਰ, ਲੰਗੜੋਆ, ਸ਼ਹੀਦ ਭਗਤ ਸਿੰਘ ਨਗਰ ਨੇ ਆਪਣੇ ਕੇ.ਵੀ.ਕੇ ਵਿੱਚ 'ਕੁਦਰਤੀ ਖੇਤੀ' 'ਤੇ ਇੱਕ ਦਿਨ ਦਾ ਸਿਖਲਾਈ ਪ੍ਰੋਗਰਾਮ ਡਾ. ਪ੍ਰਦੀਪ ਕੁਮਾਰ, ਡਿਪਟੀ ਡਾਇਰੈਕਟਰ, ਕਿ੍ਸ਼ੀ ਵਿਗਿਆਨ ਕੇਂਦਰ, ਲੰਗੜੋਆ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ ਅਤੇ ਇਸਦਾ ਉਦੇਸ਼ ਕਿਸਾਨ ਭਾਈਚਾਰੇ ਨੂੰ ਕੁਦਰਤੀ ਖੇਤੀ ਦੀ ਵੱਧ ਰਹੀ ਮਹੱਤਤਾ ਅਤੇ ਲਾਭਾਂ ਪ੍ਰਤੀ ਜਾਣੂ ਕਰਵਾਉਣਾ ਸੀ | ਇਸ ਸਿਖਲਾਈ ਪ੍ਰੋਗਰਾਮ ਵਿੱਚ 50 ਤੋਂ ਵੱਧ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਹਿੱਸਾ ਲਿਆ, ਜੋ ਖੇਤੀ ਰਸਾਇਣਾਂ 'ਤੇ ਨਿਰਭਰਤਾ ਨੂੰ ਘਟਾਉਣ ਵਾਲੀਆਂ ਟਿਕਾਊ ਖੇਤੀ ਤਕਨੀਕਾਂ ਬਾਰੇ ਜਾਣਕਾਰੀ ਲੈਣ ਲਈ ਇਕੱਠੇ ਹੋਏ ਸਨ | ਡਾ. ਪ੍ਰਦੀਪ ਕੁਮਾਰ, ਡਿਪਟੀ ਡਾਇਰੈਕਟਰ, ਕੇ.ਵੀ.ਕੇ ਲੰਗੜੋਆ ਨੇ ਸਾਰੇ ਕਿਸਾਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਖੇਤੀਬਾੜੀ ਵਿਚ ਆਉਣ ਵਾਲੀਆਂ ਵਾਤਾਵਰਣ ਅਤੇ ਆਰਥਿਕ ਚੁਣੌਤੀਆਂ ਦੇ ਮੱਦੇਨਜ਼ਰ ਕੁਦਰਤੀ ਖੇਤੀ ਦੀਆਂ ਵਿਧੀਆਂ ਨੂੰ ਅਪਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ | ਡਾ. ਬਲਜੀਤ ਸਿੰਘ, ਸਹਾਇਕ ਪ੍ਰੋਫੈਸਰ (ਕੀਟ ਵਿਗਿਆਨ) ਨੇ ਵਾਤਾਵਰਣ-ਅਨੁਕੂਲ ਕੀਟ ਪ੍ਰਬੰਧ ਪ੍ਰਣਾਲੀਆਂ ਅਤੇ ਬੀਜਾਮਿ੍ਤ, ਜੀਵਾਮਿ੍ਤ, ਨੀਮਾਸਤਰ, ਬ੍ਰਹਮਾਸਤਰ ਅਤੇ ਅਗਨੀਅਸਤਰ ਵਰਗੇ ਕੁਦਰਤੀ ਖੇਤੀ ਦੇ ਫਾਰਮੂਲਿਆਂ ਦੀ ਤਿਆਰੀ ਅਤੇ ਵਰਤੋਂ ਬਾਰੇ ਵਿਸਥਾਰ ਨਾਲ ਦੱਸਿਆ | ਤਕਨੀਕੀ ਸੈਸ਼ਨਾਂ ਨੂੰ ਜਾਰੀ ਰੱਖਦੇ ਹੋਏ, ਡਾ. ਆਰਤੀ ਵਰਮਾ, ਸਹਾਇਕ ਪ੍ਰੋਫੈਸਰ (ਸਬਜ਼ੀ ਵਿਗਿਆਨ) ਨੇ ਕੁਦਰਤੀ ਖੇਤੀ ਦੇ ਮੁੱਖ ਸਿਧਾਂਤਾਂ ਅਤੇ ਖੇਤ-ਪੱਧਰ 'ਤੇ ਲਾਗੂ ਕਰਨ 'ਤੇ ਸੁਝਾਅ ਦਿੱਤੇ | ਉਨ੍ਹਾਂ ਨੇ ਖਾਸ ਤੌਰ 'ਤੇ ਰਸਾਇਣ-ਮੁਕਤ ਸਰਦੀਆਂ ਦੀਆਂ ਸਬਜ਼ੀਆਂ ਦੀ ਕਾਸ਼ਤ 'ਤੇ ਧਿਆਨ ਕੇਂਦਰਿਤ ਕੀਤਾ, ਕੁਦਰਤੀ ਤਰੀਕਿਆਂ ਨਾਲ ਮਿੱਟੀ ਅਤੇ ਫਸਲਾਂ ਦੀ ਸਿਹਤ ਨੂੰ ਉਤਸ਼ਾਹਿਤ ਕਰਨ ਲਈ ਵਿਹਾਰਕ ਹੱੰਲ ਪੇਸ਼ ਕੀਤੇ | ਸਮਾਗਮ ਡਾ. ਆਰਤੀ ਵਰਮਾ ਦੁਆਰਾ ਦਿੱਤੇ ਧੰਨਵਾਦ ਦੇ ਨਾਲ ਖਤਮ ਹੋਇਆ |