ਬੰਗਾ, 7 ਨਵੰਬਰ (ਸੁਰਿੰਦਰ ਸਿੰਘ ਕਰਮ) - ਗੁਰਦੁਆਰਾ ਸ਼ਹੀਦਾਂ ਸਿੰਘਾਂ ਲੰਗੇਰੀ ਵਿਖੇ ਜਥੇ. ਗਿਆਨ ਸਿੰਘ ਲੰਗੇਰੀ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਕੈਨੇਡਾ ਅਤੇ ਸਮੂਹ ਨਗਰ ਨਿਵਾਸੀ ਸੰਗਤਾਂ ਵਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 556ਵਾਂ ਪ੍ਰਕਾਸ਼ ਪੁਰਬ ਬੇਹੱਦ ਸ਼ਰਧਾ ਸਤਿਕਾਰ ਸਹਿਤ ਮਨਾਇਆ ਗਿਆ | ਇਸ ਮੌਕੇ ਜਗਤ ਬਾਬਾ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਅਸੀਸਾਂ ਪ੍ਰਾਪਤ ਕਰਦੇ ਹੋਏ ਦੀਵਾਨ ਸਜਾਏ ਗਏ | ਜਿਸ ਦੀ ਅਰੰਭਤਾ 'ਤੇ ਨਗਰ ਦੀਆਂ ਛੋਟੀਆਂ ਬੱਚੀਆਂ ਵਲੋਂ ਗੁਰਬਾਣੀ ਦੇ ਰਸਭਿੰਨੇ ਕੀਰਤਨ ਕਰਕੇ ਸੰਗਤਾਂ ਦੇ ਮਨਾਂ ਨੂੰ ਮੋਹ ਲਿਆ | ਸਮਾਗਮ ਦੌਰਾਨ ਵਿਸ਼ੇਸ਼ ਸੱਦੇ 'ਤੇ ਪੁੱਜੇ ਪੰਥ ਦੇ ਮਹਾਨ ਕਵੀਸ਼ਰ ਭਾਈ ਰਾਜਬੀਰ ਸਿੰਘ ਢਿੱਲੋਂ ਫਲਪੋਤਾ ਮੁੱਖ ਸਲਾਹਕਾਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਢਾਡੀ ਕਵੀਸ਼ਰ ਸਭਾ ਦੋਆਬਾ ਸੰਗ ਢੇਸੀਆਂ ਅਤੇ ਉਨ੍ਹਾਂ ਦੇ ਸਾਥੀ ਭਾਈ ਸਾਹਿਬ ਸਿੰਘ ਦਿਓਲ ਅਤੇ ਭਾਈ ਪਰਮਜੀਤ ਸਿੰਘ ਢਿੱਲੋਂ ਨੇ ਗੁਰੂ ਸਾਹਿਬ ਦੇ ਜੀਵਨ ਵਿਚੋਂ ਆਪਣੀ ਕਵੀਸ਼ਰੀ ਕਲਾ ਦੁਆਰਾ ਪ੍ਰਸੰਗ ਪੇਸ਼ ਕਰਕੇ ਸਮਾਂ ਬੰਨ੍ਹ ਦਿੱਤਾ | ਸਟੇਜ ਸਕੱਤਰ ਦੀ ਸੇਵਾ ਜਥੇ. ਗਿਆਨ ਸਿੰਘ ਲੰਗੇਰੀ ਨੇ ਬਾਖੂਬੀ ਨਿਭਾਈ | ਇਸ ਮੌਕੇ ਕੀਰਤਨ ਕਰਨ ਵਾਲੇ ਹੋਣਹਾਰ ਬੱਚਿਆਂ ਦੀ ਹੌਂਸਲਾ ਅਫ਼ਜਾਈ ਕਰਦੇ ਹੋਏ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੋਹਣ ਸਿੰਘ ਲੰਗੇਰੀ ਹੋਰ ਪਤਵੰਤੇ ਸੱਜਣਾਂ ਤੋਂ ਇਲਾਵਾ ਨਗਰ ਲੰਗੇਰੀ ਦੀ ਸਿੱਖ ਸੰਗਤ ਹਾਜ਼ਰ ਸੀ |