ਬੰਗਾ, 6 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਗੁਰੂ ਨਾਨਕ ਦੇਵ ਯੂਨੀਵਰਸਿਟੀ ਫੁੱਟਬਾਲ ਲੀਗ ਅੰਤਰ ਕਾਲਜ ਦੇ ਤੀਜੇ ਦਿਨ ਦੇ ਮੁਕਾਬਲੇ ਪਿ੍ੰਸੀਪਲ ਡਾ: ਤਰਸੇਮ ਸਿੰਘ ਭਿੰਡਰ ਦੀ ਅਗਵਾਈ ਹੇਠ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਖੇਡ ਮੈਦਾਨ ਵਿਖੇ ਕਰਵਾਏ ਗਏ | ਲਗਾਤਾਰ ਹੋਏ ਇਨਾਂ ਤਿੰਨ ਮੁਕਾਬਲਿਆਂ 'ਚ ਪਹਿਲਾ ਮੈਚ ਮੋਹਨ ਲਾਲ ਉੱਪਲ ਡੀ.ਏ.ਵੀ. ਕਾਲਜ ਫਗਵਾੜਾ ਅਤੇ ਡੀ.ਏ.ਵੀ. ਕਾਲਜ, ਜਲੰਧਰ ਦਰਮਿਆਨ ਜ਼ੋਰਦਾਰ ਹੋਇਆ | ਜਿਸ ਵਿੱਚ ਦੋਹਾਂ ਟੀਮਾਂ ਨੇ ਇੱਕ-ਇੱਕ ਗੋਲ ਕਰਕੇ ਮੁਕਾਬਲੇ ਨੂੰ ਟਾਈ 'ਚ ਖਤਮ ਕੀਤਾ | ਮੁੱਖ ਮਹਿਮਾਨ ਸ. ਜਰਨੈਲ ਸਿੰਘ ਪੱਲੀ ਝਿੱਕੀ ਪ੍ਰਧਾਨ ਜ਼ਿਲ੍ਹਾ ਫੁੱਟਬਾਲ ਐਸੋਸ਼ੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਹਾਜਰ ਸਨ | ਉਨ੍ਹਾਂ ਨੇ ਦੋਹਾਂ ਟੀਮਾਂ ਦੇ ਪ੍ਰਦਰਸ਼ਨ ਦੀ ਸਰਾਹਨਾ ਕੀਤੀ | ਦੂਸਰਾ ਮੁਕਾਬਲਾ ਸਿੱਖ ਨੈਸ਼ਨਲ ਕਾਲਜ ਬੰਗਾ ਅਤੇ ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਫਗਵਾੜਾ ਵਿਚਕਾਰ ਹੋਇਆ | ਜਿਸ ਵਿੱਚ ਮੇਜਬਾਨ ਟੀਮ ਨੇ 1-0 ਨਾਲ ਜਿੱਤ ਦਰਜ ਕੀਤੀ | ਇਸ ਮੈਚ ਦੇ ਮੁੱਖ ਮਹਿਮਾਨ ਅਮਰੀਕਾ ਤੋਂ ਆਏ ਪ੍ਰਸਿੱਧ ਵਾਲੀਬਾਲ ਖਿਡਾਰੀ ਸ. ਚਰਨ ਸਿੰਘ ਗਿੱਲ ਸਨ | ਉਨ੍ਹਾਂ ਜੇਤੂ ਟੀਮ ਨੂੰ ਵਧਾਈ ਦਿੱਤੀ ਅਤੇ ਖਿਡਾਰੀਆਂ ਨੂੰ ਹੋਰ ਵਧੀਆ ਪ੍ਰਦਰਸ਼ਨ ਲਈ ਪ੍ਰੇਰਿਤ ਕੀਤਾ | ਤੀਜੇ ਅਤੇ ਆਖ਼ਰੀ ਮੈਚ 'ਚ ਲਾਇਲਪੁਰ ਖਾਲਸਾ ਕਾਲਜ ਜਲੰਧਰ ਅਤੇ ਖਾਲਸਾ ਕਾਲਜ ਅੰਮਿ੍ਤਸਰ ਦੇ ਖਿਡਾਰੀ ਮੈਦਾਨ 'ਚ ਉਤਰੇ | ਦੋਵੇਂ ਟੀਮਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਮੈਚ 2-2 ਗੋਲ ਦੀ ਬਰਾਬਰੀ 'ਤੇ ਖਤਮ ਕੀਤਾ | ਮੁੱਖ ਮਹਿਮਾਨ ਸ. ਹਰਜਿੰਦਰ ਸਿੰਘ ਜੱਗਾ, ਸਕੱਤਰ ਪੰਜਾਬ ਫੁੱਟਬਾਲ ਐਸੋਸੀਏਸ਼ਨ, ਨੇ ਖਿਡਾਰੀਆਂ ਦੀ ਹੋਂਸਲਾ ਅਫਜ਼ਾਈ ਕੀਤੀ | ਇਸ ਮੌਕੇ ਡੀਨ ਸਪੋਰਟਸ ਪ੍ਰੋ. ਮਨੀਸ਼ ਸੰਧੀਰ, ਸਪੋਰਟਸ ਕਮੇਟੀ ਦੇ ਮੈਂਬਰ ਡਾ. ਜੋਤੀ ਪ੍ਰਕਾਸ਼, ਪ੍ਰੋ. ਵਿਪਨ, ਲਾਈਬ੍ਰੇਰੀਅਨ ਸ. ਮਨਮੰਤ ਸਿੰਘ ਅਤੇ ਕਾਲਜ ਦੇ ਸੁਪਰਡੈਂਟ ਸ. ਪਰਮਜੀਤ ਸਿੰਘ, ਸਕੂਲ ਇੰਚਾਰਜ ਜਤਿੰਦਰ ਮੋਹਨ ਮੈਚ ਦੌਰਾਨ ਹਾਜ਼ਰ ਰਹੇ ਅਤੇ ਹੋਏ ਸ਼ਾਨਦਾਰ ਮੁਕਾਬਲਿਆਂ ਦਾ ਆਨੰਦ ਮਾਣਿਆ |