20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਬਲਾਕ ਬਚਾਓ ਸੰਘਰਸ਼ ਕਮੇਟੀ ਨੇ ਸਰਕਾਰ ਦੀ ਕੁੰਭਕਰਨੀ ਨੀਂਦ ਤੋੜਨ ਲਈ ਲਿਆ ਸਖ਼ਤ ਫ਼ੈਸਲਾ

ਅਜੀਤ ਡੈਸਕ 07-11-2025
ਔੜ, 6 ਨਵੰਬਰ (ਗੁਰਨਾਮ ਸਿੰਘ ਸੈਣੀ) - ਬਲਾਕ ਬਚਾਓ ਸੰਘਰਸ਼ ਕਮੇਟੀ ਨੇ ਹੰਗਾਮੀ ਮੀਟਿੰਗ ਕਰਕੇ ਔੜ ਬਲਾਕ ਦੀ ਮੁੜ-ਬਹਾਲੀ ਲਈ ਸੰਘਰਸ਼ ਤੇਜ਼ ਕਰਨ ਦਾ ਫ਼ੈਸਲਾ ਕੀਤਾ ਹੈ | ਮੀਟਿੰਗ ਵਿੰਚ ਹਾਜ਼ਰ ਸਰਪੰਚਾਂ, ਵੱਖ-ਵੱਖ ਰਾਜਨੀਤਕ ਧਿਰਾਂ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਨੋਟ ਕੀਤਾ ਕਿ ਔੜ ਬਲਾਕ ਦੀਆਂ 74 ਪੰਚਾਇਤਾਂ ਵੱਲੋਂ ਬਲਾਕ ਨੂੰ ਤੋੜਨ ਵਿਰੁੱਧ ਲਿਖਤੀ ਮਤੇ ਪਾ ਕੇ ਤੇ ਬਲਾਕ ਦੇ ਲੋਕਾਂ ਵੱਲੋਂ ਧਰਨੇ-ਪ੍ਰਦਰਸ਼ਨ ਕਰਕੇ ਵਿਆਪਕ ਪੱਧਰ 'ਤੇ ਵਿਰੋਧ ਪ੍ਰਗਟਾਇਆ ਗਿਆ | ਡਿਪਟੀ ਕਮਿਸ਼ਨਰ ਐਸ.ਬੀ.ਐੱਸ.ਨਗਰ ਅਤੇ ਪ੍ਰਬੰਧਕੀ ਸਕੱਤਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਰਾਹੀਂ ਪੰਜਾਬ ਸਰਕਾਰ ਨੂੰ ਦੋ ਵਾਰ ਮੰਗ-ਪੱਤਰ ਦੇਣ ਅਤੇ ਹਲਕਾ ਵਿਧਾਇਕ ਡਾ. ਸੁਖਵਿੰਦਰ ਸੁੱਖੀ ਅਤੇ ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ ਨੂੰ ਮਿਲਕੇ ਇਲਾਕੇ ਦੀਆਂ ਭਾਵਨਾਵਾਂ ਤੋਂ ਜਾਣੂੰ ਕਰਾਉਣ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਤੋੜਿਆ ਗਿਆ ਬਲਾਕ ਅਜੇ ਤੱਕ ਮੁੜ-ਬਹਾਲ ਨਹੀਂ ਕੀਤਾ ਗਿਆ | ਹਲਕਾ ਵਿਧਾਇਕ (ਬੰਗਾ) ਅਤੇ ਸਕੱਤਰ ਪੰਚਾਇਤ ਵਿਭਾਗ ਵੱਲੋਂ ਬਾਕਾਇਦਾ ਨੋਟੀਫੀਕੇਸ਼ਨ ਜਾਰੀ ਕਰਕੇ ਬਲਾਕ ਦਾ ਕੰਮਕਾਰ ਇੱਥੋਂ ਹੀ ਚੱਲਦਾ ਰੱਖਣ ਦੇ ਵਾਅਦੇ ਵੀ ਝੂਠੇ ਸਾਬਤ ਹੋਏ ਹਨ | ਸਤਾ ਦੇ ਗ਼ਰੂਰ 'ਚ ਮਦਹੋਸ਼ ਸਰਕਾਰ ਵੱਲੋਂ ਇਲਾਕੇ ਦੇ ਲੋਕਾਂ ਦੀਆਂ ਜ਼ਰੂਰਤਾਂ ਅਤੇ ਭਾਵਨਾਵਾਂ ਨੂੰ ਟਿੱਚ ਸਮਝਣ ਦੇ ਮੱਦੇਨਜ਼ਰ ਸੰਘਰਸ਼ ਕਮੇਟੀ ਅਤੇ ਲੋਕਾਂ ਕੋਲ ਸੰਘਰਸ਼ ਨੂੰ ਤਿੱਖਾ ਕਰਨ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਹੈ ਅਤੇ ਕਮੇਟੀ ਨੇ 25 ਨਵੰਬਰ ਨੂੰ ਔੜ ਵਿਖੇ ਵਿਸ਼ਾਲ ਲੋਕ ਤਾਕਤ ਲਾਮਬੰਦ ਕਰਕੇ ਚੱਕਾ ਜਾਮ ਕਰਨ ਦਾ ਫ਼ੈਸਲਾ ਲਿਆ ਹੈ | ਸੰਘਰਸ਼ ਓਦੋਂ ਤੱਕ ਜਾਰੀ ਰੱਖਿਆ ਜਾਵੇਗਾ ਜਦੋਂ ਤੱਕ ਪੰਚਾਇਤਾਂ ਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖਦਿਆਂ ਬਲਾਕ ਨੂੰ ਤੋੜਨ ਦਾ ਫ਼ੈਸਲਾ ਰੱਦ ਨਹੀਂ ਕੀਤਾ ਜਾਂਦਾ ਅਤੇ ਬਲਾਕ ਨੂੰ ਮੁੜ ਬਹਾਲ ਨਹੀਂ ਕੀਤਾ ਜਾਂਦਾ | ਮੀਟਿੰਗ 'ਚ ਪ੍ਰਵੀਨ ਬੰਗਾ, ਕਮਲਜੀਤ ਕੰਵਰ ਗੜ੍ਹੀ, ਰਾਜ ਕੁਮਾਰ ਮਾਹਲ ਖ਼ੁਰਦ, ਰਾਮ ਜੀ ਦਾਸ ਖੜਕੂਵਾਲ, ਰੂਪ ਲਾਲ ਧੀਰ, ਸਰਪੰਚ ਕਮਲਜੀਤ ਔੜ, ਸਰਪੰਚ ਮਨਜੀਤ ਸਿੰਘ ਅੜਕ ਚਾਹਲ ਖ਼ੁਰਦ, ਸਰਪੰਚ ਨਿੰਦਰਪਾਲ ਮਾਈਦਿੱਤਾ, ਭੁਪਿੰਦਰ ਸਿੰਘ ਗਿੱਲ, ਸੁਖਵਿੰਦਰ ਸਿੰਘ, ਕਮਲਜੀਤ ਸਾਜਨ, ਕਿ੍ਸ਼ਨ ਲਾਲ ਬੇਗੋਵਾਲ, ਬੂਟਾ ਸਿੰਘ ਮਹਿਮੂਦਪੁਰ, ਜਗਤਾਰ ਸਿੰਘ ਅਤੇ ਸ਼ਮਿੰਦਰ ਸਿੰਘ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਡਾ. ਜੰਗ ਬਹਾਦਰ ਸਿੰਘ ਰਾਏ ਨੂੰ ਮੈਂਬਰ ਅੰਤਿ੍ੰਗ ਕਮੇਟੀ ਚੁਣੇ ਜਾਣ ਦਾ ਵੱਖ-ਵੱਖ ਆਗੂਆਂ ਵੱਲੋਂ ਸਵਾਗਤ <br/> ਅਗਲੀ ਖ਼ਬਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।