ਬੰਗਾ, 21 ਜੁਲਾਈ (ਸੁਰਿੰਦਰ ਸਿੰਘ ਕਰਮ) - ਪਾਵਰਕਾਮ ਦੇ ਬੰਗਾ ਦੇ ਗੜ੍ਹਸ਼ੰਕਰ ਰੋਡ 'ਤੇ ਸਥਿਤ ਦਫ਼ਤਰ ਤੋਂ ਆਉਂਦੇ ਬਿਜਲੀ ਦੇ ਭਾਰੀ ਬਿੱਲਾਂ ਨੇ ਲੋਕਾਂ ਦੀ ਨੀਂਦ ਹਰਾਮ ਕਰ ਦਿੱਤੀ | ਇਸ ਸੰਬੰਧੀ ਪਿੰਡ ਲਧਾਣਾ ਉੱਚਾ ਦੇ ਬਿਜਲੀ ਉਪਭੋਗਤਾ ਬਲਵੰਤ ਸਿੰਘ ਪੁੱਤਰ ਪੂਰਨ ਸਿੰਘ ਨੇ ਬਿਜਲੀ ਬਿੱਲਾਂ ਨਾਲ ਜੁੜਿਆ ਇੱਕ ਮਾਮਲਾ ਧਿਆਨ 'ਚ ਲਿਆਂਦਾ ਹੈ | ਬਲਵੰਤ ਸਿੰਘ ਲਧਾਣਾ ਉੱਚਾ ਨੇ ਲਿਖਤੀ ਤੌਰ 'ਤੇ ਦੱਸਿਆ ਕਿ ਉਸ ਦੇ ਘਰ ਲੱਗਾ ਬਿਜਲੀ ਦਾ ਪੁਰਾਣਾ ਮੀਟਰ, ਜਦੋਂ ਸੜ ਗਿਆ ਤਾਂ ਬਿਜਲੀ ਕਰਮਚਾਰੀ ਉਸਦੀ ਜਗ੍ਹਾ ਨਵਾਂ ਸਮਾਰਟ ਮੀਟਰ ਲਗਾ ਗਏ | ਜਿਸ ਦਾ ਨੌਂ ਮਹੀਨੇ ਬਾਅਦ 20140 ਰੁਪਏ ਬਿੱਲ ਆਇਆ | ਜਿਸ ਨੂੰ ਦੇਖ ਕੇ ਉਹ ਹੈਰਾਨ ਪ੍ਰੇਸ਼ਾਨ ਹੈ | ਸਰਕਾਰ ਵਲੋਂ 300 ਯੂਨਿਟ ਬਿਜਲੀ ਮੁਆਫ ਵੀ ਕੀਤੀ ਹੋਈ ਹੈ | ਉਸਦੇ ਘਰ ਲੱਗੇ ਸਮਾਰਟ ਮੀਟਰ ਨੰ. ਜੇ. ਐਫ. 230084 ਐਚ ਬਾਰੇ ਜਦੋਂ ਉਕਤ ਦਫ਼ਤਰ ਦੇ ਉੱਚ ਅਫ਼ਸਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਸਮਾਰਟ ਮੀਟਰਾਂ ਦੇ ਬਿਜਲੀ ਬਿੱਲ ਸਿੱਧਾ ਪਟਿਆਲਾ ਤੋਂ ਭੇਜੇ ਜਾ ਰਹੇ ਹਨ | ਉਨ੍ਹਾਂ ਪੰਜਾਬ ਸਰਕਾਰ ਅਤੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਹ ਜੋ ਬਿਜਲੀ ਦਾ ਵੱਡੀ ਰਕਮ ਵਾਲਾ ਬਿੱਲ ਉਨ੍ਹਾਂ ਦੇ ਘਰ ਆਇਆ ਹੈ ਦੀ ਪੜਤਾਲ ਕਰਾ ਕੇ ਇਸ ਰਕਮ ਨੂੰ ਢੁੱਕਵੀਂ ਬਣਾ ਕੇ ਮੁੜ ਬਿੱਲ ਭੇਜਿਆ ਜਾਵੇ | ਨਹੀਂ ਉਹ ਹੋਰਨਾਂ ਉਪਭੋਗਤਾਵਾਂ ਨੂੰ ਨਾਲ ਲੈ ਕੇ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ |