ਔੜ, 21 ਜੁਲਾਈ (ਗੁਰਨਾਮ ਸਿੰਘ ਸੈਣੀ) - ਥਾਣਾ ਰਾਹੋਂ ਦੇ ਅਧੀਨ ਪੈਂਦੇ ਪਿੰਡ ਜੁਲਾਹ ਮਾਜਰਾ ਵਿਖੇ ਚਾਰ ਦੁਕਾਨਾਂ ਦੇ ਸ਼ਟਰ ਤੋੜਨ ਦੀ ਖ਼ਬਰ ਹੈੈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਮਾਸਟਰ ਦਵਿੰਦਰ ਸਿੰਘ ਅਤੇ ਕਰਿਆਨਾ ਸਟੋਰ ਦੇ ਮਾਲਕ ਪਵਨ ਕੁਮਾਰ ਤੇ ਬਿਲਡਿੰਗ ਵਰਕਸ ਸਟੋਰ ਦੇ ਮਾਲਕ ਸੁਖਦੇਵ ਸਿੰਘ ਤੇ ਦੁਆਬਾ ਇਲੈਕਟ੍ਰੀਕਲ ਵਰਕਸ ਦੇ ਮਾਲਕ ਜਤਿੰਦਰ ਕੁਮਾਰ ਨੇ ਦੱਸਿਆ ਹੈ ਕਿ ਉਹਨਾਂ ਦਾ ਕਾਫੀ ਨੁਕਸਾਨ ਹੋਇਆ, ਜਿਸ 'ਚ ਚੋਰਾਂ ਨੇ ਸਵੇਰੇ 3 ਵਜੇ ਤੋਂ 4 ਵਜੇ ਦੇ ਵਿਚਕਾਰ ਚਾਰ ਦੁਕਾਨਾਂ ਦੇ ਸ਼ਟਰ ਤੋੜੇ ਹਨ, ਜਿਸ 'ਚ ਨਰੇਸ਼ ਕਰਿਆਨਾ ਸਟੋਰ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਬੇਸ਼ੁਮਾਰ ਕੀਮਤੀ ਸਮਾਨ ਅਤੇ ਤਿੰਨ ਟੱਚ ਮੋਬਾਈਲ ਫੋਨ ਅਤੇ 13 ਤੋਂ 14 ਹਜ਼ਾਰ ਦੀਆਂ ਸਿਗਰਟਾਂ, ਕੁੱਝ ਖੁੱਲੇ ਦਸ ਦਸ ਰੁਪਏ ਦੀਆਂ ਪਰਚੀਆਂ ਦੀ ਨਕਦੀ ਅਤੇ ਇਕ ਕੈਬਨ ਦਾ ਵੱਡਾ ਡਰਾਅ ਅਤੇ ਠੰਢੇ ਦੀਆਂ ਬੋਤਲਾਂ ਅਤੇ ਹੋਰ ਖਾਣ ਪੀਣ ਦਾ ਸਾਮਾਨ ਲੈ ਗਏ ਹਨ | ਉਸ ਤੋਂ ਬਾਅਦ ਨਾਲ ਲੱਗਦੀ ਵੈਲਡਿੰਗ ਵਰਕਸ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ, ਜਿਸ ਦੇ ਸ਼ਟਰ ਬਾਹਰ ਨੂੰ ਤੋੜੇ ਗਏ ਜਿਸ 'ਚੋਂ ਦੋ ਗਰਾੲੀਂਡਰ, ਡਰਿੱਲਾਂ ਵੈਲਡਿੰਗ ਸੈੱਟ ਅਤੇ ਹੋਰ ਕੀਮਤੀ ਸਾਮਾਨ ਲਗਪਗ ਵੀਹ ਹਜ਼ਾਰ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ ਅਤੇ ਜਤਿੰਦਰ ਕੁਮਾਰ ਇਲੈਕਟ੍ਰੀਸ਼ਨ ਨੇ ਦੱਸਿਆ ਕਿ ਉਸ ਦਾ ਤਕਰੀਬਨ ਤਕਰੀਬਨ 25 ਤੋਂ 30 ਹਜ਼ਾਰ ਦਾ ਨੁਕਸਾਨ ਹੋਇਆ ਹੈ, ਜਿਸ 'ਚ ਵੱਡੀਆਂ ਨਵੀਆਂ ਹਿਲਟੀਆਂ, ਡਰਿੱਲ ਅਤੇ ਬੈਟਰੀ ਵਾਲੀਆਂ ਵੱਡੀਆਂ ਡਰਿਲਾਂ ਅਤੇ ਹੋਰ ਬਿਜਲੀ ਦਾ ਸਾਮਾਨ ਚੋਰੀ ਕਰਕੇ ਲੈ ਗਏ ਹਨ | ਚੌਥੀ ਦੁਕਾਨ ਪਾਬਲਾ ਸਵੀਟ ਸ਼ਾਪ ਜਿਸ ਦੇ ਸ਼ਟਰ ਬਾਹਰ ਨੂੰ ਖਿੱਚ ਕੇ ਤੋੜੇ ਗਏ ਹਨ ਅਤੇ ਉਸ ਦੇ ਐਲੂਮੀਨੀਅਮ ਦੇ ਲੱਗੇ ਹੋਏ ਦਰਵਾਜ਼ੇ ਦੇ ਲਾਕ ਨਾ ਟੁੱਟਣ ਕਾਰਨ ਨੁਕਸਾਨ ਹੋਣ ਤੋਂ ਬਚ ਗਿਆ | ਪਰ ਉਸ ਦੇ ਬਾਹਰ ਨੂੰ ਸ਼ਟਰ ਤੋੜਨ ਕਾਰਨ ਕਾਫੀ ਨੁਕਸਾਨ ਹੋ ਗਿਆ ਹੈ, ਜਦੋਂ ਪਾਬਲਾ ਸਵੀਟ ਸ਼ਾਪ ਦੇ ਅਲਮੀਨੀਅਮ ਦੇ ਡੋਰ ਨਾ ਖੁੱਲ੍ਹੇ ਤਾਂ ਚੋਰਾਂ ਨੇ ਜਾਂਦੇ ਹੋਏ ਸਾਹਮਣੇ ਨਾਲੇ ਉੱਪਰ ਲੱਗੇ ਹੋਏ ਪੰਚਾਇਤ ਦੇ ਲੋਹੇ ਦੇ ਤਿੰਨ ਜੰਗਲੇ ਜੋ ਕਿ ਕਾਫੀ ਭਾਰੇ ਲੋਹੇ ਦੇ ਬਣੇ ਹੋਏ ਸਨ, ਉਹਨਾਂ ਨੂੰ ਚੁੱਕ ਕੇ ਲੈ ਗਏ ਹਨ | ਇਸ ਮੌਕੇ ਸਰਪੰਚ ਮਾਸਟਰ ਦਵਿੰਦਰ ਸਿੰਘ ਕਾਲੀ ਅਤੇ ਗ੍ਰਾਮ ਪੰਚਾਇਤ ਨੇ ਮੌਕੇ 'ਤੇ ਥਾਣਾ ਰਾਹੋਂ ਵਿਖੇ ਸੂਚਨਾ ਕਰ ਦਿੱਤੀ ਅਤੇ ਮੌਕੇ 'ਤੇ ਪਹੁੰਚੇ ਏ.ਐਸ.ਆਈ ਸੋਹਣ ਲਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਹੜੀ-ਜਿਹੜੀ ਦੁਕਾਨ ਦਾ ਨੁਕਸਾਨ ਹੋਇਆ ਹੈ, ਉਹਨਾਂ ਨੇ ਮੌਕੇ 'ਤੇ ਪਹੁੰਚ ਕੇ ਦੁਕਾਨਦਾਰਾਂ ਦੇ ਕਹਿਣ ਮੁਤਾਬਿਕ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਹੈ ਅਤੇ ਚੋਰਾਂ ਦੀ ਭਾਲ ਦੇ ਲਈ ਪਿੰਡ 'ਚ ਲੱਗੇ ਹੋਏ ਸੀ.ਸੀ.ਟੀ.ਵੀ ਕੈਮਰੇ ਅਤੇ ਦੁਕਾਨਾਂ 'ਤੇ ਲੱਗੇ ਹੋਏ ਸੀ.ਸੀ ਟੀ.ਵੀ ਕੈਮਰਿਆਂ ਦੁਆਰਾ ਖੰਘਾਲਿਆ ਜਾ ਰਿਹਾ ਹੈ ਤਾਂ ਜੋ ਕਿ ਚੋਰਾਂ ਬਾਰੇ ਪਤਾ ਲਗਾਇਆ ਜਾ ਸਕੇ | ਇਸ ਮੌਕੇ ਦੁਕਾਨਦਾਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀਆਂ ਦੁਕਾਨਾਂ 'ਤੇ ਹੋਈਆਂ ਚੋਰੀਆਂ ਦੇ ਸਾਮਾਨ ਦਾ ਨੁਕਸਾਨ ਕਾਫੀ ਹੋ ਚੁੱਕਾ ਹੈ | ਇਸ ਲਈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਪੁਲਿਸ ਦੀ ਗਸ਼ਤ ਵਧਾਈ ਜਾਵੇ |
ਬਲਾਕ ਔੜ ਦੇ ਪਿੰਡ ਜੁਲਾਹ ਮਾਜਰਾ ਵਿਖੇ ਇਕੋ ਰਾਤ ਚਾਰ ਦੁਕਾਨਾਂ 'ਤੇ ਚੋਰੀ <br/>
ਅਜੀਤ ਡੈਸਕ
22-07-2025