ਨਵਾਂਸ਼ਹਿਰ, 20 ਜੁਲਾਈ (ਦੀਦਾਰ ਸਿੰਘ ਸ਼ੇਤਰਾ) - ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਸਤਵਿੰਦਰਪਾਲ ਸਿੰਘ ਨੇ 'ਕੇਅਰ ਕੰਪੈਨੀਅਨ ਪ੍ਰੋਗਰਾਮ' ਤਹਿਤ ਸੀ.ਸੀ.ਪੀ. ਟੂਲ ਕਿੱਟਾਂ ਦੀ ਵਰਤੋਂ ਕਰਕੇ ਸਿਹਤ ਸਿੱਖਿਆ ਗਤੀਵਿਧੀਆਂ ਨੂੰ ਅਸਰਦਾਰ ਢੰਗ ਨਾਲ ਚਲਾਉਣ ਲਈ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਦੀਆਂ ਸਟਾਫ਼ ਨਰਸਾਂ ਅਤੇ ਸਮੁੱਚੇ ਸਿਹਤ ਸੰਭਾਲ ਸਟਾਫ਼ ਲਈ ਧੰਨਵਾਦ ਸਰੂਪ ਬੂਟਾ ਭੇਟ ਕੀਤਾ | ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਸਤਵਿੰਦਰਪਾਲ ਸਿੰਘ ਨੇ ਸ੍ਰੀਮਤੀ ਦਿਵਿਆ ਮਿਸ਼ਰਾ ਨੂੰ ਇਸ ਪਹਿਲਕਦਮੀ ਨੂੰ ਸਫ਼ਲਤਾਪੂਰਵਕ ਲਾਗੂ ਕਰਨ ਦਾ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਨਰਸਾਂ ਅਤੇ ਸਿਹਤ ਸੰਭਾਲ ਸਟਾਫ ਸੀ.ਸੀ.ਪੀ. ਸੈਸ਼ਨਾਂ ਰਾਹੀਂ ਇਹ ਯਕੀਨੀ ਬਣਾ ਰਹੇ ਹਨ ਕਿ ਕੋਈ ਵੀ ਮਰੀਜ਼ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਸਿਹਤ ਸਿੱਖਿਆ ਤੋਂ ਵਾਂਝੇ ਨਾ ਰਹਿਣ | ਇਹ ਪ੍ਰੋਗਰਾਮ ਬਹੁਤ ਮਹੱਤਵਪੂਰਨ ਹੈ, ਜਿਸਦਾ ਉਦੇਸ਼ ਪ੍ਰਮੋਟਿਵ ਅਤੇ ਪ੍ਰੀਵੈਂਟਿਵ ਹੈਲਥ ਨੂੰ ਮਜ਼ਬੂਤ ਕਰਨਾ ਹੈ | ਇਸ ਪ੍ਰੋਗਰਾਮ ਦਾ ਵਿਸਥਾਰ ਮਾਂ ਅਤੇ ਬੱਚੇ ਦੀ ਸਿਹਤ ਤੋਂ ਇਲਾਵਾ ਮੈਡੀਕਲ ਅਤੇ ਸਰਜੀਕਲ ਇਨ-ਪੇਸ਼ੈਂਟ ਕੇਅਰ ਦੇ ਖੇਤਰ ਤੱਕ ਕੀਤਾ ਗਿਆ ਹੈ | ਇਸ ਮੌਕੇ ਕੇਅਰ ਕੰਪੈਨੀਅਨ ਪ੍ਰੋਗਰਾਮ ਦੀ ਪ੍ਰਤੀਨਿਧ ਸ੍ਰੀਮਤੀ ਦਿਵਿਆ ਮਿਸ਼ਰਾ ਨੇ ਕਿਹਾ ਕਿ ਇਹ ਛੋਟਾ ਜਿਹਾ ਤੋਹਫ਼ਾ ਪੂਰੀ ਕੇਅਰ ਕੰਪੈਨੀਅਨ ਪ੍ਰੋਗਰਾਮ ਦੀ ਟੀਮ ਵੱਲੋਂ ਪ੍ਰਸੰਸਾ ਅਤੇ ਸ਼ੁਕਰਗੁਜ਼ਾਰੀ ਦਾ ਪ੍ਰਤੀਕ ਹੈ | ਉਨ੍ਹਾਂ ਕਿਹਾ ਕਿ ਸਮੁੱਚਾ ਸਿਹਤ ਸੰਭਾਲ ਸਟਾਫ਼ ਹਰ ਰੋਜ਼ ਜੋ ਸ਼ਾਨਦਾਰ ਕੰਮ ਕਰਦਾ ਹੈ, ਉਹ ਕਾਬਲੇ ਤਰੀਫ ਹੈ | ਉਨ੍ਹਾਂ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਸਤਵਿੰਦਰਪਾਲ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ | ਉਨ੍ਹਾਂ ਦੱਸਿਆ ਕਿ ਨੂਰਾ ਹੈਲਥ ਇੱਕ ਡਿਜੀਟਲ ਸਿਹਤ ਸੇਵਾ ਹੈ, ਜੋ ਦੇਸ਼ ਵਿੱਚ ਮਰੀਜ਼ਾਂ ਨੂੰ ਆਸਾਨੀ ਨਾਲ ਸਿਹਤ ਸਬੰਧੀ ਜਾਣਕਾਰੀ, ਸਲਾਹ ਅਤੇ ਹਸਪਤਾਲ ਸਹੂਲਤਾਂ ਤੱਕ ਪਹੁੰਚ ਯਕੀਨੀ ਬਣਾਉਂਦੀ ਹੈ, ਵਿਸ਼ੇਸ਼ ਤੌਰ 'ਤੇ ਰੋਗੀਆਂ ਦੀ ਮਦਦ ਕਰਨ ਲਈ ਬਣਾਈ ਗਈ ਹੈ | ਉਨ੍ਹਾਂ ਕਿਹਾ ਕਿ ਅਸੀਂ ਸੱਚਮੁੱਚ ਉਮੀਦ ਕਰਦੇ ਹਾਂ ਕਿ ਇਹ ਸਿੱਖਿਆ ਸੈਸ਼ਨ ਸਕਾਰਾਤਮਕ ਬਦਲਾਅ ਲਿਆਉਣਗੇ |