ਨਵਾਂਸ਼ਹਿਰ, 19 ਜੁਲਾਈ (ਦੀਦਾਰ ਸਿੰਘ ਸ਼ੇਤਰਾ) - ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਹਰੀਸ਼ ਕਿਰਪਾਲ ਦੀ ਰਹਿਨੁਮਾਈ ਹੇਠ ਸਿਵਲ ਸਰਜਨ ਦਫ਼ਤਰ, ਸ਼ਹੀਦ ਭਗਤ ਸਿੰਘ ਨਗਰ ਵਿਖੇ ਆਸ਼ਾ ਫੈਸਿਲਿਟੇਟਰਜ਼ ਨਾਲ ਆਭਾ ਅਕਾਊਾਟ ਬਣਾਉਣ ਦੇ ਕੰਮ ਵਿੱਚ ਤੇਜ਼ੀ ਲਿਆਉਣ, ਸਰਕਾਰੀ ਸੰਸਥਾਗਤ ਡਲਿਵਰੀਆਂ ਵਿੱਚ ਵਾਧਾ ਕਰਨ ਤੇ ਸੀਬੈੱਕ ਫਾਰਮ ਭਰਨ ਦੇ ਕੰਮਕਾਜ ਦੀ ਸਮੀਖਿਆ ਕਰਨ ਲਈ ਰੀਵਿਊ ਮੀਟਿੰਗ ਕੀਤੀ ਗਈ | ਇਸ ਮੌਕੇ ਡਾ. ਹਰੀਸ਼ ਕਿਰਪਾਲ ਨੇ ਦੱਸਿਆ ਕਿ ਸਿਹਤ ਵਿਭਾਗ ਗੈਰ-ਸੰਚਾਰੀ ਬਿਮਾਰੀਆਂ ਦੀ ਰੋਕਥਾਮ ਲਈ ਯਤਨਸ਼ੀਲ ਹੈ | ਗੈਰ-ਸੰਚਾਰੀ ਬਿਮਾਰੀਆਂ ਦੀ ਰੋਕਥਾਮ ਲਈ ਕਈ ਪਹਿਲ-ਕਦਮੀਆਂ ਸ਼ੁਰੂ ਕੀਤੀਆਂ ਗਈਆਂ ਹਨ | ਇਨ੍ਹਾਂ ਪਹਿਲਕਦਮੀਆਂ ਵਿੱਚ ਕਮਿਊਨਿਟੀ-ਅਧਾਰਤ ਮੁਲਾਂਕਣ ਚੈੱਕਲਿਸਟ (ਸੀਬੈੱਕ) ਇਕ ਆਨਲਾਈਨ ਫਾਰਮ ਭਰਨਾ ਵੀ ਸ਼ਾਮਲ ਹੈ | ਕਮਿਊਨਿਟੀ-ਅਧਾਰਤ ਮੁਲਾਂਕਣ ਚੈੱਕਲਿਸਟ (ਸੀਬੈੱਕ) ਫਾਰਮ ਇੱਕ ਅਜਿਹਾ ਆਨਲਾਈਨ ਸਾਧਨ ਹੈ ਜੋ ਉਨ੍ਹਾਂ ਲੋਕਾਂ ਦੀ ਪਛਾਣ ਕਰਨ ਵਿੱਚ ਮਦਦ ਕਰਦਾ ਹੈ ਜੋ ਗੈਰ-ਸੰਚਾਰੀ ਬਿਮਾਰੀਆਂ ਦੇ ਜ਼ੋਖਮ ਵਿੱਚ ਹਨ | ਇਹ ਫਾਰਮ ਕਮਿਊਨਿਟੀ ਆਸ਼ਾ ਵਰਕਰਾਂ ਦੁਆਰਾ ਵਰਤਿਆ ਜਾਂਦਾ ਹੈ | ਡਾ. ਕਿਰਪਾਲ ਨੇ ਹਦਾਇਤ ਕਰਦੇ ਹੋਏ ਕਿਹਾ ਕਿ ਐੱਨ.ਸੀ.ਡੀ ਬਿਮਾਰੀਆਂ ਦਾ ਜਲਦ ਪਤਾ ਲਗਾਉਣ ਲਈ 30 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਦੇ ਆਨਲਾਈਨ ਸੀਬੈੱਕ ਫਾਰਮ ਭਰਨੇ ਯਕੀਨੀ ਬਣਾਏ ਜਾਣ | ਇਹ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਸਾਰੇ ਉੱਚ-ਜੋਖਮ ਵਾਲੇ ਵਿਅਕਤੀਆਂ ਨੂੰ ਐੱਨ. ਐੱਚ. ਐੱਮ ਅਧੀਨ ਵਿਆਪਕ ਪ੍ਰਾਇਮਰੀ ਸਿਹਤ ਸੰਭਾਲ ਦੇ ਹਿੱਸੇ ਵਜੋਂ ਆਮ ਐੱਨ.ਸੀ.ਡੀ ਬਿਮਾਰੀਆਂ ਲਈ ਸਕ੍ਰੀਨਿੰਗ ਲਈ ਰੈਫਰ ਕੀਤਾ ਜਾਵੇ | ਹਰੇਕ ਮੈਡੀਕਲ ਅਤੇ ਪੈਰਾਮੈਡੀਕਲ ਸਟਾਫ਼ ਰੋਜ਼ਾਨਾ ਘੱਟੋ-ਘੱਟ ਪੰਜ ਆਭਾ ਆਈ.ਡੀ. ਬਣਾਉਣ ਦਾ ਟੀਚਾ ਪੂਰਾ ਕਰੇ | ਪਿੰਡਾਂ ਤੇ ਸ਼ਹਿਰਾਂ 'ਚ ਆਮ ਲੋਕਾਂ ਸਮੇਤ ਸਿਹਤ ਕੇਂਦਰਾਂ ਵਿੱਚ ਆ ਰਹੇ ਓ.ਪੀ.ਡੀ. ਮਰੀਜ਼ਾਂ ਦੇ ਆਭਾ ਅਕਾਊਾਟ ਬਣਾਏ ਜਾਣ | ਹਰ ਸਟਾਫ ਮੈਂਬਰ ਦੁਆਰਾ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੀ ਆਭਾ ਆਈ.ਡੀ. ਬਣਾਈ ਜਾਏ | ਇਸ ਕਾਰਜ ਦੀ ਰੋਜ਼ਾਨਾ ਮੋਨੀਟਰਿੰਗ ਕੀਤੀ ਜਾਵੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਦਲਜੀਤ ਸਿੰਘ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਮ ਸਿੰਘ, ਜ਼ਿਲ੍ਹਾ ਸਕੂਲ ਹੈਲਥ ਕੋਆਰਡੀਨੇਟਰ ਰਮਨਦੀਪ ਕੌਰ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ |