ਸੜੋਆ, 16 ਜੁਲਾਈ (ਹਰਮੇਲ ਸਹੂੰਗੜਾ)-ਬੀਤੇ ਕੁੱਝ ਦਿਨਾਂ ਤੋਂ ਪਿੰਡ ਟੋਰੋਵਾਲ ਅਤੇ ਪਿੰਡ ਰੌੜੀ ਪੱਤੀ ਦੀਆਂ ਪੰਚਾਇਤਾਂ ਸ਼ਮਸ਼ਾਨਘਾਟ ਭੂਮੀ ਦੀ ਜ਼ਮੀਨ ਨੂੰ ਲੈ ਕੇ ਆਹਮਣੇ ਸਾਹਮਣੇ ਹੋ ਗਈਆਂ ਸਨ | ਜਿਸ ਨੂੰ ਲੈ ਕੇ ਕਾਫ਼ੀ ਵਿਵਾਦ ਖੜ੍ਹਾ ਹੋ ਗਿਆ ਅਤੇ ਪਿੰਡ ਟੋਰੋਵਾਲ ਦੇ ਵਸਨੀਕਾਂ ਨੇ ਰੋਸ ਵਜੋਂ ਸ੍ਰੀ ਖਲਾਰਗੜ੍ਹ ਸਾਹਿਬ ਜਾਣ ਵਾਲੇ ਮਾਰਗ 'ਤੇ ਧਰਨਾ ਲਗਾ ਦਿੱਤਾ ਸੀ | ਉਹਨਾਂ ਆਪਣਾ ਰੋਸ ਜ਼ਿਾਹਰ ਕਰਦਿਆਂ ਕਿਹਾ ਕਿ ਇਸ ਜ਼ਮੀਨ 'ਤੇ ਜੋ ਪਿੰਡ ਰੌੜੀ ਦੀ ਪੰਚਾਇਤ ਵਲੋਂ ਕੰਡਿਆਲੀ ਤਾਰ ਲਗਾਈ ਗਈ ਸੀ, ਉਸ ਕੰਡਿਆਲੀ ਤਾਰ ਨੂੰ ਹਟਾਉਣ ਲਈ ਪਿੰਡ ਵਾਸੀਆਂ ਵਲੋਂ ਕਾਫ਼ੀ ਜੱਦੋ-ਜਹਿਦ ਕਰਨੀ ਪਈ | ਸਾਬਕਾ ਸਰਪੰਚ ਪ੍ਰੇਮ ਚੰਦ ਨੇ ਕਿਹਾ ਕਿ ਇਹ ਜ਼ਮੀਨ ਅੱਜ ਤੋਂ ਕੋਈ 25 ਸਾਲ ਪਹਿਲਾਂ ਪਿੰਡ ਰੌੜੀ, ਟੋਰੋਵਾਲ ਦੀ ਪੱਤੀ ਸੀ | ਜਿਸ ਨੂੰ ਬਾਅਦ ਵਿੱਚ ਪੰਚਾਇਤ ਦਾ ਰੂਪ ਦਿੱਤਾ ਗਿਆ ਸੀ, ਉਸ ਤੋਂ ਬਾਅਦ 2002 ਵਿੱਚ ਮੌਕੇ ਦੇ ਐਸ.ਡੀ.ਐਮ ਬਲਾਚੌਰ ਦੀ ਹਾਜ਼ਰੀ ਵਿੱਚ ਸਮਝੌਤਾ ਹੋ ਗਿਆ ਸੀ, ਕਿ ਇਹ ਜ਼ਮੀਨ ਸਾਂਝੇ ਕਾਰਜਾਂ ਲਈ ਵਰਤੀ ਜਾਵੇਗੀ | ਉਸ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਜੋ ਮੁਰਦਾ ਨਾ ਫੂਕਣ ਦੀ ਗੱਲ ਨੂੰ ਲੈ ਕੇ ਚਰਚਾ ਹੋ ਰਹੀ ਹੈ, ਉਹਨਾਂ ਨੇ ਕਿਹਾ ਕਿ ਅਸੀਂ ਪਿੰਡ ਰੌੜੀ ਦੀ ਪੰਚਾਇਤ ਨੂੰ ਮੁਰਦਾ ਫੂਕਣ ਤੋਂ ਨਹੀਂ ਰੋਕ ਸਕਦੇ ਤੇ ਨਾ ਹੀ ਅਸੀਂ ਇਹ ਗੱਲ ਕਹੀ ਹੈ, ਅਸੀਂ ਤਾਂ ਪਿੰਡ ਦੇ ਮੁਹਤਬਰ ਵਿਅਕਤੀ ਹਾਂ ਤੇ ਸਾਡੀਆਂ ਸਾਰੀਆਂ ਰਿਸ਼ਤੇਦਾਰੀਆਂ ਆਪਸ 'ਚ ਸਾਂਝੀਆਂ ਹਨ, ਅਸੀਂ ਇਸ ਕੰਮ ਤੋਂ ਨਹੀਂ ਰੋਕ ਸਕਦੇ | ਉਨ੍ਹਾਂ ਚੱਲ ਰਹੇ ਇਸ ਵਿਵਾਦ ਨੂੰ ਸੁਲਝਾਉਣ ਲਈ ਡੀ.ਸੀ. ਨਵਾਂਸ਼ਹਿਰ, ਐਸ.ਡੀ.ਐਮ ਬਲਾਚੌਰ, ਤਹਿਸੀਲਦਾਰ ਬਲਾਚੌਰ ਅਤੇ ਮਾਲ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਦੋਵਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਬਿਠਾ ਕੇ ਇਸ ਮਸਲੇ ਦਾ ਹੱਲ ਕੱਢਿਆ ਜਾਵੇ | ਇਸ ਮੌਕੇ ਸਰਪੰਚ ਕੁਲਵਿੰਦਰ ਸਿੰਘ ਬੰਗਾ, ਸਾਬਕਾ ਸਰਪੰਚ ਪ੍ਰੇਮ ਚੰਦ, ਐਡਵੋਕੇਟ ਸੁਨੀਲ ਕੁਮਾਰ ਅਤੇ ਪਿੰਦਰ ਲਾਲ ਆਦਿ ਹਾਜ਼ਰ ਸਨ |