ਸਾਹਲੋਂ, 15 ਜੁਲਾਈ (ਜਰਨੈਲ ਸਿੰਘ ਨਿੱਘ੍ਹਾ)- ਸ਼ਿਵ ਚੰਦ ਪਬਲਿਕ ਹਾਈ ਸਕੂਲ ਸਕੋਹਪੁਰ ਵਿਖੇ ਨਵੀਂ ਰਿਲੀਜ਼ ਹੋਈ ਪੰਜਾਬੀ ਫਿਲਮ 'ਮੇਰੀ ਪਿਆਰੀ ਦਾਦੀ' ਦੀ ਪੂਰੀ ਸਟਾਰਕਾਸਟ ਸਕੂਲ ਦੇ ਡਾਇਰੈਕਟਰ ਅਤੇ ਟਰੱਸਟੀ ਅਸ਼ੋਕ ਮਹਿਰਾ ਦੀ ਅਗਵਾਈ 'ਚ ਸਕੂਲ 'ਚ ਪਹੁੰਚੀ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਅਸ਼ੋਕ ਮਹਿਰਾ ਨੇ ਦੱਸਿਆ ਕਿ ਇਹ ਫਿਲਮ 11 ਜੁਲਾਈ ਨੂੰ ਰਿਲੀਜ਼ ਹੋਈ ਸੀ ਅਤੇ ਆਪਣੇ ਸਮਾਜਿਕ ਸੰਦੇਸ਼ ਕਰਕੇ ਲੋਕਾਂ ਵਿਚ ਕਾਫੀ ਚਰਚਾ ਦਾ ਕੇਂਦਰ ਬਣੀ ਹੋਈ ਹੈ | ਇਸ ਵਿਸ਼ੇਸ਼ ਮੌਕੇ 'ਤੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਕੈਨੇਡਾ ਦੇ ਉੱਘੇ ਉਦਯੋਗਪਤੀ ਅਤੇ ਸਮਾਜ-ਸੇਵੀ ਸੁੱਖੀ ਬਾਠ ਦਾ ਸਕੂਲ ਪ੍ਰਬੰਧਕਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਉਨ੍ਹਾਂ ਨੇ ਸੁੱਖੀ ਬਾਠ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੈਨੇਡਾ ਦੇ ਸਰੀ, ਬਿ੍ਟਿਸ਼ ਕੋਲੰਬੀਆ ਵਿੱਚ ਸਥਿਤ 'ਪੰਜਾਬ ਭਵਨ' ਦੇ ਸੰਸਥਾਪਕ ਹਨ | ਉਹ ਇਕ ਸਿਰਫ਼ ਬਿਜ਼ਨੈਸਮੈਨ ਹੀ ਨਹੀਂ, ਸਗੋਂ ਵੱਡੇ ਪੱਧਰ ਦੇ ਸਮਾਜ ਸੇਵਕ ਵੀ ਹਨ | ਉਨ੍ਹਾਂ ਵਲੋਂ ਸ਼ੁਰੂ ਕੀਤੀ ਗਈ 'ਨਵੀਆਂ ਕਲਮਾਂ-ਨਵੀਂ ਉਡਾਣ' ਪ੍ਰੋਜੈਕਟ ਤਹਿਤ ਹੁਣ ਤੱਕ 60 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ | ਇਸ ਮੌਕੇ ਸੁੱਖੀ ਬਾਠ ਵਲੋਂ ਵਿਦਿਆਰਥੀਆਂ ਨਾਲ ਆਪਣੇ ਵਿਚਾਂਰ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਭਵਿੱਖ 'ਚ ਸਫਲ ਹੋਣ ਬਾਰੇ ਵਿਸਥਾਰ ਨਾਲ ਸਮਝਾਇਆ ਗਿਆ | ਉਨ੍ਹਾਂ ਨੇ ਸ਼ਿਵ ਚੰਦ ਪਬਲਿਕ ਹਾਈ ਸਕੂਲ ਦੀ ਲਾਇਬ੍ਰੇਰੀ ਲਈ 200 ਕਿਤਾਬਾਂ ਦਾਨ ਕਰਨ ਲਈ ਵੀ ਕਿਹਾ | ਇਸ ਮੌਕੇ ਫਿਲਮ ਦੀ ਸਟਾਰਕਾਸਟ 'ਚ ਫਿਲਮ ਦੇ ਡਾਇਰੈਕਟਰ ਅਤੇ ਲੇਖਕ ਤਾਜ, ਪ੍ਰਮੁੱਖ ਬਾਲ ਅਦਾਕਾਰ ਮਾਸਟਰ ਫ਼ਤਿਹਵੀਰ, ਪਦਮਸ੍ਰੀ ਨਿਰਮਲ ਰਿਸ਼ੀ, ਮਨਪ੍ਰੀਤ ਮਨੀ, ਵਿਸ਼ੂ ਖੇਟੀਆ ਅਤੇ ਬਲਜੀਤ ਬਾਵਾ ਆਦਿ ਸ਼ਾਮਿਲ ਸਨ | ਸਕੂਲ 'ਚ ਆਉਣ 'ਤੇ ਸਕੂਲ ਦੇ ਡਾਇਰੈਕਟਰ ਅਤੇ ਟਰੱਸਟੀ ਅਸ਼ੋਕ ਮਹਿਰਾ ਅਤੇ ਪਿ੍ੰਸੀਪਲ ਸੰਦੀਪ ਚਾਵਲਾ ਨੇ ਸਮੂਹ ਅਧਿਆਪਕਾਂ ਨਾਲ ਆਏ ਮਹਿਮਾਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ | ਇਸ ਮੌਕੇ ਫਿਲਮ ਦੀ ਸਟਾਰਕਾਸਟ ਨੇ ਸਕੂਲ ਦੇ ਵਿਦਿਆਰਥੀਆਂ ਨਾਲ ਆਪਣੀ ਜ਼ਿੰਦਗੀ ਦੇ ਅਨੁਭਵ ਸਾਂਝੇ ਕੀਤੇ |