ਪੱਖੋਵਾਲ-ਸਰਾਭਾ, 9 ਦਸੰਬਰ (ਖੁਸ਼ਵਿੰਦਰ ਸਿੰਘ ਸਰਾਭਾ)-ਧੰਨ-ਧੰਨ ਬਾਬਾ ਸਾਧੂ ਸਿੰਘ ਜੀ ਨਾਨਕਸਰ ਠਾਠ ਕੈਲੇ ਵਾਲਿਆਂ ਦੇ ਤਪ ਅਸਥਾਨ ਠਾਠ ਕੈਲੇ ਵਿਖੇ ਚੱਲ ਰਹੇ ਧਾਰਮਿਕ ਸਮਾਗਮਾਂ ਦੌਰਾਨ ਅੱਜ ਡਾ: ਆਈ.ਪੀ. ਸਿੰਘ ਵਲੋਂ ਸੋਹਾਣਾ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਚੈੱਕਅੱਪ ਕੈਂਪ ਲਗਾਇਆ ਗਿਆ | ਇਸ ਕੈਂਪ ਦਾ ਉਦਘਾਟਨ ਬਾਬਾ ਗੁਰਦੀਪ ਸਿੰਘ ਮੁੱਖ ਸੇਵਾਦਾਰ ਨਾਨਕਸਰ ਠਾਠ ਕੈਲੇ ਨੇ ਫੀਤਾ ਕੱਟ ਕੇ ਕੀਤਾ | ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਗਰੀਬ ਲੋੜਵੰਦ ਲੋਕਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਦੇਣਾ ਪਰਉਪਕਾਰ ਦਾ ਕੰਮ ਹੈ ਇਸ ਨਾਲ ਜਿੱਥੇ ਲੋੜਵੰਦ ਲੋਕਾਂ ਨੂੰ ਮੁਫ਼ਤ 'ਚ ਵਧੀਆ ਸਿਹਤ ਸਹੂਲਤਾਂ ਮੁਹੱਈਆ ਹੋ ਜਾਂਦੀਆ ਹਨ, ਉੱਥੇ ਹੀ ਸਮੇਂ ਸਿਰ ਇਲਾਜ ਮਿਲਣ ਨਾਲ ਸੈਂਕੜੇ ਕੀਮਤੀ ਜਾਨਾਂ ਬਚ ਜਾਂਦੀਆ ਹਨ | ਇਸ ਲਈ ਸਾਨੂੰ ਵੱਧ ਤੋਂ ਵੱਧ ਦਸਵੰਧ ਕੱਢ ਕੇ ਅਜਿਹੇ ਨੇਕ ਕਾਰਜ ਕਰਨੇ ਚਾਹੀਦੇ ਹਨ | ਇਸ ਮੌਕੇ ਰਘੂਨਾਥ ਹਸਪਤਾਲ ਲੁਧਿਆਣਾ ਵਲੋਂ ਖ਼ੂਨਦਾਨ ਕੈਂਪ ਲਗਾ ਕੇ 50 ਯੁਨਿਟ ਖ਼ੂਨ ਵੀ ਇਕੱਤਰ ਕੀਤਾ ਗਿਆ | ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਅੱਜ 9 ਦਸੰਬਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਅਤੇ ਧੰਨ-ਧੰਨ ਬਾਬਾ ਸਾਧੂ ਸਿੰਘ ਜੀ ਨਾਨਕਸਰ ਠਾਠ ਕੈਲੇ ਵਾਲਿਆਂ ਦੀ ਬਰਸੀ ਨੂੰ ਸਮਰਪਿਤ ਕਰਵਾਏ ਜਾ ਰਹੇ ਧਾਰਮਿਕ ਸਮਾਗਮਾਂ ਦੇ ਆਖਰੀ ਦਿਨ ਪੰਥ ਪ੍ਰਸਿੱਧ ਰਾਗੀ ਢਾਡੀ ਜਥੇ ਤੇ ਸੰਤ ਮਹਾਂਪੁਰਸ਼ ਕੈਲੇ ਪੁੱਜ ਕੇ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕਰਨਗੇ |