ਰਾਏਕੋਟ, 20 ਨਵੰਬਰ (ਸੁਸ਼ੀਲ)-ਸਾਹਿਤ ਸਭਾ ਰਾਏਕੋਟ ਅਤੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਸਾਂਝੇ ਉਪਰਾਲੇ ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ 110ਵੀਂ ਸ਼ਹਾਦਤ ਦੀ ਬਰਸੀ 'ਤੇ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਇਕ ਸਮਾਗਮ ਪ੍ਰਧਾਨ ਬਲਵੀਰ ਬੱਲੀ ਅਤੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਪ੍ਰਧਾਨ ਬਲਵੀਰ ਕੌਰ ਰਾਏਕੋਟੀ, ਜਗਦੇਵ ਸਿੰਘ ਕਲਸੀ ਦੀ ਅਗਵਾਈ ਹੇਠ ਕਰਵਾਇਆ ਗਿਆ | ਜਿਸ ਵਿਚ ਪਿ੍ੰਸੀਪਲ ਇਕਬਾਲ ਕੌਰ ਉਦਾਸੀ, ਪ੍ਰੋਫੈਸਰ ਸੁਰਿੰਦਰ ਜੈਪਾਲ, ਡਾ: ਜੈਪਾਲ ਸਿੰਘ ਅਤੇ ਬੀ.ਪੀ.ਈ.ਓ. ਇਤਬਾਰ ਸਿੰਘ ਨੱਥੋਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਮਾਗਮ ਵਿਚ ਜਿੱਥੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਉੱਥੇ ਇਨਕਲਾਬੀ ਕਲਮ ਦੇ ਵਾਰਿਸ ਲੇਖਕ ਸੰਤ ਰਾਮ ਉਦਾਸੀ ਜੀ ਨੂੰ ਵੀ ਯਾਦ ਕੀਤਾ ਗਿਆ | ਵੱਖ-ਵੱਖ ਲੇਖਕਾਂ ਵਲੋਂ ਕਰਤਾਰ ਸਿੰਘ ਸਰਾਭਾ ਅਤੇ ਸੰਤ ਰਾਮ ਉਦਾਸੀ ਦੇ ਵੱਡੇ ਵਿਚਾਰਾਂ ਦੀ ਸਾਂਝ ਪਾਈ ਗਈ | ਰਾਜਮਿੰਦਰਪਾਲ ਸਿੰਘ ਪਰਮਾਰ ਨੇ ਸਟੇਜ਼ ਸਕੱਤਰ ਦੀ ਭੂਮਿਕਾ ਨਿਭਾਉਂਦੇ ਹੋਏ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ ਨਾਲ ਸੰਬੰਧਿਤ ਮੁੱਖ ਘਟਨਾਵਾਂ ਨੂੰ ਸਾਂਝਾ ਕੀਤਾ | ਉਨ੍ਹਾਂ ਤੋਂ ਇਲਾਵਾ ਵੱਖ-ਵੱਖ ਵਿਦਵਾਨਾਂ ਵਲੋਂ ਬੋਲਦੇ ਹੋਏ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸੋਚ 'ਤੇ ਚੱਲਣ ਅਤੇ ਪਹਿਰਾ ਦੇਣ ਲਈ ਲਾਮਬੰਦ ਹੋਣ ਦਾ ਸੱਦਾ ਦਿੱਤਾ ਗਿਆ | ਇਸ ਮੌਕੇ ਮਾਸਟਰ ਪ੍ਰੀਤਮ ਸਿੰਘ ਬਰਮੀ, ਜਸਵਿੰਦਰ ਸਿੰਘ ਜਗਰਾਉਂ, ਦਰਬਾਰਾ ਸਿੰਘ ਰਾਏਕੋਟ, ਜਸਵੀਰ ਸਿੰਘ ਸੰਦੌੜ, ਜਸਵੰਤ ਬਸਰਾਉਂ, ਮਾਸਟਰ ਗੁਰਦੀਪ ਸਿੰਘ, ਸ਼ੈਂਟੀ ਰਾਏਕੋਟੀ, ਆਤਮਾ ਸਿੰਘ ਮੌਜੀ, ਪਿ੍ੰਸੀਪਲ ਕਰਮਜੀਤ ਸਿੰਘ ਆਦਿ ਤੋਂ ਇਲਾਵਾ ਹੋਰ ਕਈ ਸਾਹਿਤ ਪ੍ਰੇਮੀ ਹਾਜ਼ਰ ਸਨ |