ਮੁੱਲਾਂਪੁਰ-ਦਾਖਾ, 20 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਮੰਡੀ ਮੁੱਲਾਂਪੁਰ ਵਿਖੇ ਅਸਤਾਨਾ ਬਾਬਾ ਸਮਾਏਦੀਨ ਸ਼ਾਹ ਜੀ ਦੀ ਦਰਗਾਹ 'ਤੇ ਮੁੱਖ ਸੇਵਾਦਾਰ ਸੋਮਾ ਇਲੈਕਟ੍ਰੀਸ਼ਨ, ਹੋਰਨਾਂ ਵਲੋਂ ਸੰਗਤ ਦੇ ਸਹਿਯੋਗ ਨਾਲ ਸਾਲਾਨਾ ਭੰਡਾਰਾ 'ਤੇ ਮੇਲਾ ਕਰਵਾਇਆ ਗਿਆ | ਇਸ ਮੌਕੇ ਉਚੇਚਾ ਪਹੁੰਚੇ ਹਲਕਾ ਦਾਖਾ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਨੂੰ ਨਾਲ ਲੈ ਕੇ ਪ੍ਰਬੰਧਕਾਂ ਵਲੋਂ ਦਰਗਾਹ 'ਤੇ ਚਾਦਰ ਚੜ੍ਹਾਉਣ ਦੀ ਰਸਮ ਪੂਰੀ ਕੀਤੀ | ਐੱਮ.ਐੱਲ.ਏ. ਇਯਾਲੀ ਨਾਲ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤੀ) ਦੇ ਡੈਲੀਗੇਟ ਅਮਰਜੀਤ ਸਿੰਘ ਮੁੱਲਾਂਪੁਰ, ਚਰਨਜੀਤ ਸਿੰਘ ਖ਼ਾਲਸਾ, ਸੁਰਿੰਦਰ ਅਰੋੜਾ, ਰਾਹੁਲ ਗਰੋਵਰ, ਮਲਕੀਤ ਸਿੰਘ ਭੱਟੀਆਂ, ਦਵਿੰਦਰ ਸਿੰਘ ਲੰਮੇ, ਹੋਰ ਮੌਜੂਦ ਸਨ | ਜੁੜੀ ਸੰਗਤ ਨੂੰ ਸੰਬੋਧਨ ਸਮੇਂ ਐੱਮ.ਐੱਲ.ਏ. ਇਯਾਲੀ ਨੇ ਕਿਹਾ ਕਿ ਸਾਂਝੇ ਪੰਜਾਬ 'ਚ ਦੁੱਲਾ-ਭੱਟੀ ਵੀਰ ਨਾਇਕ ਦੀ ਦਰਗਾਹ ਤੋਂ ਲੈ ਕੇ ਹੋਰ ਪੀਰਾਂ-ਫਕੀਰਾਂ ਦੇ ਮੇਲੇ ਅੱਜ ਵੀ ਭਾਈਚਾਰਕ ਸਾਂਝ ਸੰਭਾਲੀ ਬੈਠੇ ਹਨ | ਉਨ੍ਹਾਂ ਕਿਹਾ ਕਿ ਪੀਰਾਂ ਦੀਆਂ ਦਰਗਾਹਾਂ 'ਤੇ ਲੱਗਦੇ ਮੇਲੇ ਜਿੱਥੇ ਸਾਨੂੰ ਸਦਭਾਵਨਾ, ਪਿਆਰ ਅਤੇ ਮਿਲਵਰਤਨ ਨਾਲ ਰਹਿਣਾ ਸਿਖਾਉਦੇ ਹਨ, ਉੱਥੇ ਸਾਡੇ ਰਿਸ਼ਤਿਆ ਨੂੰ ਹੋਰ ਮਜ਼ਬੂਤ ਕਰਦੇ ਹਨ | ਧਾਰਮਿਕ ਰਸਮਾਂ ਬਾਅਦ ਸੱਭਿਆਚਾਰਕ ਮੇਲੇ ਵਿਚ ਦਰਜਨ ਉੱਘੇ ਕਲਾਕਾਰਾਂ ਨੇ ਚੰਗਾ ਰੰਗ ਬੰਨਿ੍ਹਆਂ | ਸਮਾਗਮ ਦੇ ਮੁੱਖ ਪ੍ਰਬੰਧਕ ਸੋਮਾ ਵਲੋਂ ਆਪਣੀ ਮੇਲਾ ਟੀਮ ਨਾਲ ਸੱਦੇ 'ਤੇ ਉਚੇਚਾ ਪਹੁੰਚੇ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਦਾ ਵਿਸ਼ੇਸ਼ ਧੰਨਵਾਦ ਕੀਤਾ | ਕਲਾਕਾਰਾਂ ਦੇ ਸਨਮਾਨ ਸਮੇਂ ਸੋਮਾ ਨਾਲ ਐੱਮ.ਐੱਲ.ਏ ਇਯਾਲੀ ਮੌਜੂਦ ਰਹੇ |