ਹਠੂਰ, 20 ਨਵੰਬਰ (ਜਸਵਿੰਦਰ ਸਿੰਘ ਛਿੰਦਾ)-ਗੁਰਦੁਆਰਾ 13 ਮੰਜ਼ਿਲਾ ਨਾਨਕਸਰ ਝੋਰੜਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਮੁਖੀ ਮਹਾਂਪੁਰਸ਼ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਦੀ ਅਗਵਾਈ ਹੇਠ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਏ ਗਏ | ਇਸ ਦੌਰਾਨ ਅੱਜ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਸਜੇ ਦੀਵਾਨਾਂ ਵਿਚ ਰਾਗੀ ਭਾਈ ਸਤਨਾਮ ਸਿੰਘ, ਭਾਈ ਮਨਜੀਤ ਸਿੰਘ, ਭਾਈ ਗੁਰਪ੍ਰੀਤ ਸਿੰਘ, ਕਥਾਵਾਚਕ ਭਾਈ ਸਤਨਾਮ ਸਿੰਘ ਭਦੌੜ ਵਾਲਿਆਂ ਨੇ ਕਥਾ ਕੀਰਤਨ ਦੁਆਰਾ ਹਾਜ਼ਰੀ ਭਰੀ | ਕਵੀਸ਼ਰ ਭਾਈ ਅਜਮੇਰ ਸਿੰਘ ਕਾਲਸਾਂ, ਭਾਈ ਹਾਕਮ ਸਿੰਘ ਦੀਵਾਨਾ, ਢਾਡੀ ਦੇਸ਼ਰਾਜ ਸਿੰਘ ਦੀਵਾਨਾ ਨੇ ਇਤਿਹਾਸਕ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਮੁਖੀ ਮਹਾਂਪੁਰਸ਼ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਨੇ ਪ੍ਰਬਚਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਊਚ-ਨੀਚਤਾ, ਭੇਦਭਾਵ, ਜਾਤ-ਪਾਤ, ਧਰਮ-ਮਜ਼ਹਬ ਤੋਂ ਉੱਪਰ ਉੱਠ ਕੇ ਮਨੁੱਖਤਾ ਦੀ ਭਲਾਈ ਲਈ ਦਿੱਤੀ ਲਾਸਾਨੀ ਕੁਰਬਾਨੀ ਦੁਨੀਆਂ ਲਈ ਮਿਸਾਲ ਹੈ ਅਤੇ ਉਨ੍ਹਾਂ ਦੇ ਸ਼ਹੀਦੀ ਦਿਹਾੜੇ ਨੂੰ 350 ਸਾਲ ਹੋ ਗਏ ਹਨ, ਪਰ ਉਨ੍ਹਾਂ ਦੀ ਇਸ ਮਹਾਨ ਸ਼ਹਾਦਤ ਕਾਰਨ ਉਨ੍ਹਾਂ ਨੂੰ ਅੱਜ ਵੀ ਸਾਰੀ ਦੁਨੀਆਂ ਯਾਦ ਕਰਦੀ ਸਿੱਜਦਾ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਦੇਸ਼ ਦੀ ਸਰਕਾਰ, ਰਾਜਾਂ ਦੀਆਂ ਸਰਕਾਰਾਂ ਅਤੇ ਸਿੱਖਾਂ ਦੀ ਸਰਬਉੱਚ ਸੰਸਥਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਹਿਨੁਮਾਈ ਹੇਠ ਦੇਸ਼ ਦੁਨੀਆਂ ਵਿਚ ਥਾਂ-ਥਾਂ ਧਾਰਮਿਕ ਸਮਾਗਮ ਕਰਕੇ ਉਨ੍ਹਾਂ ਨੂੰ ਸਿਜਦਾ ਕੀਤਾ ਜਾ ਰਿਹਾ ਹੈ | ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਨੇ ਕਿਹਾ ਕਿ ਸਾਨੂੰ ਫਖ਼ਰ ਹੋਣਾ ਚਾਹੀਦਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਡੇ ਨੌਵੇਂ ਗੁਰੂ ਹਨ ਅਤੇ ਉਨ੍ਹਾਂ ਨੂੰ ਸਭ ਧਰਮਾਂ ਦੇ ਲੋਕ ਪੂਜ਼ਦੇ ਹਨ | ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇੰਨ੍ਹਾਂ ਦਿਨਾਂ ਵਿਚ ਵੱਧ ਤੋਂ ਵੱਧ ਨਾਮ ਸਿਮਰਨ ਅਤੇ ਸੇਵਾ ਕਰਕੇ ਲਾਹਾ ਲੈਣ ਅਤੇ ਗੁਰੂ ਜੀ ਦੇ ਯਾਦ ਵਿਚ ਆਪਣਾ ਸਮਾਂ ਬਿਤਾਉਣ | ਇਸ ਮੌਕੇ ਬਾਬਾ ਮਿਹਰ ਸਿੰਘ ਨਾਨਕਸਰ, ਭਾਈ ਜਸਵਿੰਦਰ ਸਿੰਘ ਬਿੰਦੀ, ਭਾਈ ਗੇਜਾ ਸਿੰਘ ਨਾਨਕਸਰ, ਭਾਈ ਬਿੰਦਰ ਸਿੰਘ ਝੋਰੜਾਂ, ਭਾਈ ਗੋਰਾ ਸਿੰਘ ਨਾਨਕਸਰ, ਅੰਮਿ੍ਤਪਾਲ ਸਿੰਘ, ਮਹਿੰਦਰ ਸਿੰਘ ਝੋਰੜਾਂ, ਤਰਲੋਚਨ ਸਿੰਘ ਝੋਰੜਾਂ, ਬਾਬੂ ਸਿੰਘ ਝੋਰੜਾਂ, ਕਰਮਜੀਤ ਸਿੰਘ ਦੇਹੜਕਾ, ਗੁਰਮੇਲ ਸਿੰਘ ਜਲਾਲਦੀਵਾਲ, ਕਿਸ਼ਨ ਕੁਮਾਰ ਫਤਿਹਬਾਦ, ਰਾਜਪਾਲ ਸਿੰਘ ਰਤੀਆ, ਡਾ: ਪ੍ਰਮਿੰਦਰ ਸਿੰਘ, ਤਰਸੇਮ ਸਿੰਘ ਬੀਹਲਾ, ਲਛਮਣ ਸਿੰਘ ਖਹਿਰਾ, ਨਗਿੰਦਰ ਸਿੰਘ ਆਦਿ ਹਾਜ਼ਰ ਸਨ |