15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਕੁੱਟਮਾਰ ਮਾਮਲੇ 'ਚ 6 'ਤੇ ਪਰਚਾ ਦਰਜ, 3 ਕਾਬੂ

ਅਜੀਤ ਡੈਸਕ 21-11-2025
ਮਲੌਦ, 20 ਨਵੰਬਰ (ਦਿਲਬਾਗ ਸਿੰਘ ਚਾਪੜਾ)- ਬੀਤੇ ਦਿਨੀਂ ਨਗਰ ਪੰਚਾਇਤ ਮਲੌਦ ਵਲੋਂ ਬੋਰਡ ਲਗਾ ਕੇ ਬੰਦ ਕੀਤੇ ਬਰਾਂਡੇ ਨੂੰ ਖੁਲ੍ਹਾਉਣ ਦੀ ਕਾਰਵਾਈ ਤੋਂ ਬਾਅਦ ਉੱਠੇ ਵਿਵਾਦ ਉਪਰੰਤ ਇੱਕ ਪਰਿਵਾਰ ਵੱਲੋਂ ਨਗਰ ਪੰਚਾਇਤ ਮਲੌਦ ਦੇ ਸੀਨੀਅਰ ਮੀਤ ਪ੍ਰਧਾਨ ਰਛਪਾਲ ਸਿੰਘ ਪਾਲਾ ਨਾਲ ਕੁੱਟਮਾਰ ਦੀ ਘਟਨਾ 'ਤੇ ਮਲੌਦ ਪੁਲਿਸ ਵਲੋਂ ਪਰਚਾ ਦਰਜ ਕੀਤਾ ਗਿਆ ਹੈ, ਜਿਸ 'ਚ ਪਰਿਵਾਰ ਦੇ 5 ਮੈਂਬਰਾਂ ਦੇ ਨਾਲ ਨਾਲ ਸ਼ੋ੍ਰਮਣੀ ਅਕਾਲੀ ਦਲ ਦੇ ਸਾਬਕਾ ਕੌਂਸਲਰ ਨਿਰਮਲ ਸਿੰਘ ਨਿੰਮਾ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸੀਨੀਅਰ ਮੀਤ ਪ੍ਰਧਾਨ ਰਛਪਾਲ ਸਿੰਘ ਪਾਲਾ ਨੇ ਪੁਲਿਸ ਨੂੰ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਜਦੋਂ ਉਹ ਆਪਣੇ ਦਫ਼ਤਰ ਤੋਂ ਤਹਿਸੀਲ ਵੱਲ ਜਾ ਰਿਹਾ ਸੀ ਤਾਂ ਕੰਵਲਜੀਤ ਸਿੰਘ ਪੁੱਤਰ ਰਾਮ ਕ੍ਰਿਸ਼ਨ ਸਿੰਘ, ਉਸ ਦੇ ਪੁੱਤਰ ਕਰਤਾਰ ਸਿੰਘ ਅਤੇ ਮਨਪ੍ਰੀਤ ਸਿੰਘ, ਪੁੱਤਰੀ ਪਰਵਿੰਦਰ ਕੌਰ ਅਤੇ ਪਤਨੀ ਰਣਜੀਤ ਕੌਰ ਵਾਸੀਆਨ ਸੋਮਲ ਖੇੜੀ ਨੇ ਉਸ 'ਤੇ ਹਮਲਾ ਕੀਤਾ ਅਤੇ ਉਸ ਨਾਲ ਕੁੱਟਮਾਰ ਕਰਦਿਆਂ ਪੱਗ ਉਤਾਰ ਦਿੱਤੀ ਅਤੇ ਵਾਲ ਪੁੱਟੇ ਅਤੇ ਕਰਤਾਰ ਸਿੰਘ ਨੇ ਆਪਣੇ ਡੱਬ ਵਿੱਚੋਂ ਛੋਟੀ ਕਿਰਪਾਨ ਕੱਢ ਕੇ ਸਿਰ 'ਤੇ ਹਮਲਾ ਕੀਤਾ, ਜਿੱਥੇ ਕਾਫ਼ੀ ਇਕੱਠ ਹੋ ਜਾਣ ਕਾਰਣ ਉਹ ਫ਼ਰਾਰ ਹੋ ਗਏ ਅਤੇ ਲੋਕਾਂ ਨੇ ਉਸ ਨੂੰ ਬਚਾਇਆ | ਉਨ੍ਹਾਂ ਪੁਲਿਸ ਕੋਲ ਲਿਖਾਏ ਬਿਆਨ ਵਿੱਚ ਦੱਸਿਆ ਕਿ ਉਕਤ ਪਰਿਵਾਰ ਨੇ ਸਾਬਕਾ ਕੌਂਸਲਰ ਨਿਰਮਲ ਸਿੰਘ ਨਿੰਮਾ ਨਾਲ ਹਮ ਮਸ਼ਵਰਾ ਹੋ ਕੇ ਉਸ ਦੀ ਕੁੱਟਮਾਰ ਕੀਤੀ ਹੈ | ਇਨ੍ਹਾਂ ਬਿਆਨਾਂ 'ਤੇ ਕਾਰਵਾਈ ਕਰਦਿਆਂ ਪੁਲਿਸ ਵੱਲੋਂ ਉਕਤ ਪੰਜੇ ਪਰਿਵਾਰਾਂ ਮੈਂਬਰਾਂ ਤੋਂ ਇਲਾਵਾ ਸਾਬਕਾ ਕੌਂਸਲਰ ਨਿਰਮਲ ਸਿੰਘ ਨਿੰਮਾ 'ਤੇ ਵੀ ਬੀ. ਐਨ. ਐਸ. ਦੀ ਧਾਰਾ 115 (2), 109, 118 (1), 351 (2), 298, 191 (3), 190, 61 (2) ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ | ਥਾਣਾ ਮੁਖੀ ਚਰਨਜੀਤ ਸਿੰਘ ਨੇ ਦੱਸਿਆ ਕਿ ਤਿੰਨ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਬਾਕੀ ਦੋਸ਼ੀਆਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ |
ਪਿਛਲੀ ਖ਼ਬਰ ਦੋਸ਼ ਕਾਂਗਰਸੀਆਂ 'ਤੇ ਲਗਾ ਕੇ ਪਰਚਾ ਅਕਾਲੀਆਂ 'ਤੇ- ਨਿੰਮਾ ਅਗਲੀ ਖ਼ਬਰ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਜਾਏ ਨਗਰ ਕੀਰਤਨ ਦਾ ਰਾੜਾ ਸਾਹਿਬ ਵਿਖੇ ਪੁੱਜਣ 'ਤੇ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।