ਮੁੱਲਾਂਪੁਰ-ਦਾਖਾ, 18 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਰਾਜ ਭਰ 'ਚ ਹੋਰ ਗਤੀਵਿਧੀਆਂ ਪ੍ਰਤੀ ਜਾਗਰੂਕਤਾ ਲਈ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਵਿਸ਼ੇਸ਼ ਟੂਰ ਲਿਜਾਣ ਦੀਆਂ ਹਦਾਇਤਾਂ 'ਤੇ ਅਮਲ ਕਰਦਿਆਂ ਸ਼ਹੀਦ ਬਲਵਿੰਦਰ ਸਿੰਘ ਪੀ.ਐੱਮ ਸ੍ਰੀ ਸਰਕਾਰੀ ਹਾਈ ਸਕੂਲ ਮੁੱਲਾਂਪੁਰ ਦੇ ਮੁੱਖ ਅਧਿਆਪਕ ਗੁਨਜੀਤ ਕੌਰ ਸੇਖੋਂ ਦੇ ਆਦੇਸ਼ਾਂ ਹੇਠ ਮੁੱਲਾਂਪੁਰ ਸਕੂਲ ਤੋਂ ਵਿਦਿਆਰਥੀ ਟੂਰ ਰਵਾਨਾ ਹੋਇਆ | ਅਧਿਆਪਕ ਗੁਰਸੇਵਕ ਸਿੰਘ ਚੀਮਾ, ਮਨਜੀਤ ਕੌਰ, ਗੁਰਜੀਤ ਕੌਰ, ਅਮਨਦੀਪ ਸਿੰਘ ਵਲੋਂ ਵਿਦਿਆਰਥੀਆਂ ਨੂੰ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਲਿਜਾਇਆ ਗਿਆ, ਜਿਥੇ ਡਾਕਟਰੀ ਪੜ੍ਹਾਈ ਦੇ ਪਸ਼ੂਆਂ ਦਾ ਇਲਾਜ ਵੀ ਹੁੰਦਾ ਹੈ | ਵੈਟਰਨਰੀ ਯੂਨੀਵਰਸਿਟੀ ਵਿਖੇ ਤਾਇਨਾਤ ਡਾ: ਗੁਰਪ੍ਰੀਤ ਸਿੰਘ ਵਲੋਂ ਯੂਨੀਵਰਸਿਟੀ ਅੰਦਰ ਅਲੱਗ-ਅਲੱਗ ਵਿਭਾਗਾਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ | ਦੁੱਧ ਕੇਂਦਰ ਵੇਰਕਾ ਮਿਲਕ ਪਲਾਂਟ ਅੰਦਰ ਵੱਡਾ ਪ੍ਰਾਜੈਕਟ ਦਿਖਾਇਆ, ਜਿਥੇ ਦੁੱਧ ਤੋਂ ਪਨੀਰ, ਖੋਆ, ਘਿਉ, ਦਹੀਂ, ਲੱਸੀ ਤਿਆਰ ਹੁੰਦਾ | ਵੇਰਕਾ ਮਿਲਕ ਪਲਾਂਟ ਦੇ ਜਨ: ਮੈਨੇਜਰ ਦਲਜੀਤ ਸਿੰਘ ਵਲੋਂ ਬੱਚਿਆਂ ਨਾਲ ਪਲਾਂਟ ਬਾਰੇ ਕਾਫੀ ਸਮਾਂ ਗੱਲਾਂ ਕਰਦਿਆਂ ਉਨ੍ਹਾਂ ਨੂੰ ਰੈਫਰੈਸ਼ਮੈਂਟ ਵਜੋਂ ਦੁੱਧ-ਲੱਸੀ ਪਿਲਾਈ ਗਈ | ਇਸ ਮੌਕੇ ਅਧਿਆਪਕ ਗੁਰਸੇਵਕ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਕੈਰੀਅਰ ਸਬੰਧੀ ਰੁਚੀ ਲਈ ਇਹ ਟੂਰ ਕਾਫੀ ਸਹਾਈ ਬਣਿਆ | ਜ਼ਿਕਰਯੋਗ ਹੈ ਕਿ ਸ਼ਹੀਦ ਬਲਵਿੰਦਰ ਸਿੰਘ ਪੀ.ਐੱਮ ਸ੍ਰੀ ਸਰਕਾਰੀ ਹਾਈ ਸਕੂਲ ਮੁੱਲਾਂਪੁਰ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਸਮੇਂ-ਸਮੇਂ ਕੈਰੀਅਰ ਬਾਰੇ ਜਾਗਰੂਕ ਕੀਤਾ ਜਾ ਰਿਹਾ | ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਦੀ ਸ਼ਹਾਦਤ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਕੂਲ ਅੰਦਰ ਸਾਦਾ ਅਤੇ ਪ੍ਰਭਾਵਸ਼ਾਲੀ ਧਾਰਮਿਕ ਪ੍ਰੋਗਰਾਮ ਵੀ ਉਲੀਕਿਆ ਜਾਵੇਗਾ |