ਹਠੂਰ, 6 ਨਵੰਬਰ (ਜਸਵਿੰਦਰ ਸਿੰਘ ਛਿੰਦਾ)-ਪਿੰਡ ਰਸੂਲਪੁਰ ਵਿਖੇ ਅੱਜ ਇਕ ਨੌਜਵਾਨ ਵਲੋਂ ਕੀਤੀ ਖੁਦਕਸ਼ੀ ਦੇ ਮਾਮਲੇ 'ਚ ਮਾਹੌਲ ਉਦੋਂ ਤਨਾਅਪੂਰਨ ਹੋ ਗਿਆ ਜਦ ਮੌਕੇ 'ਤੇ ਪੁੱਜੀ ਪੁਲਿਸ ਅਤੇ ਆਮ ਆਦਮੀ ਪਾਰਟੀ ਵਲੋਂ ਆਰੰਭੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਕੋਆਰਡੀਨੇਟਰ ਭਾਈ ਗੁਰਜੰਟ ਸਿੰਘ ਖ਼ਾਲਸਾ ਦੀ ਹਾਜ਼ਰੀ 'ਚ ਲੋਕਾਂ ਨੇ ਪਿੰਡ 'ਚ ਸ਼ਰੇ੍ਹਆਮ ਚਿੱਟਾ ਨਸ਼ਾ ਵਿਕਣ ਦੇ ਇਕ ਵਾਰ ਫਿਰ ਤੋਂ ਦੋਸ਼ ਲਏ | ਜ਼ਿਕਰਯੋਗ ਹੈ ਕਿ ਚਿੱਟੇ ਨਸ਼ੇ ਦੇ ਚਲਦੇ ਕਾਰੋਬਾਰ ਤੋਂ ਕਈ ਮਹੀਨੇ ਪਹਿਲਾਂ 'ਅਜੀਤ' ਵਲੋਂ ਸ਼ਰੇ੍ਹਆਮ ਪਿੰਡ ਦੀ ਦਾਣਾ ਮੰਡੀ 'ਚ ਚਿੱਟੇ ਨਸ਼ੇ ਦੀ ਵਿਕਰੀ ਅਤੇ ਵਰਤੋਂ ਦੀਆਂ ਲਾਈਵ ਤਸਵੀਰਾਂ ਸਮੇਤ ਖ਼ਬਰ ਪ੍ਰਕਾਸ਼ਿਤ ਕੀਤੀ ਸੀ ਅਤੇ ਪਿੰਡ ਦੇ ਵੱਖ-ਵੱਖ ਮੋਹਤਵਰਾਂ ਨੇ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਸੀ ਕਿ ਉਨ੍ਹਾਂ ਦਾ ਪਿੰਡ ਚਿੱਟੇ ਨਸ਼ੇ ਦਾ ਗੜ੍ਹ ਬਣ ਚੁੱਕਾ ਹੈ | ਖ਼ਬਰ ਉਪਰੰਤ ਪੁਲਿਸ ਨੇ ਕੁਝ ਇਕਾ ਦੁੱਕਾ ਕਾਰਵਾਈਆਂ ਵੀ ਕੀਤੀਆਂ ਸਨ ਅਤੇ ਪਿਛਲੇ ਦਿਨੀਂ ਵੀ ਇਕ ਨੌਜਵਾਨ ਦੀ ਮੌਤ ਹੋ ਗਈ ਸੀ | ਜਿਸ ਦੇ ਪਿਤਾ ਨੇ ਸ਼ਰੇ੍ਹਆਮ ਕਿਹਾ ਸੀ ਕਿ ਉਸ ਦੇ ਚਾਰ ਪੁੱਤਰਾਂ 'ਚੋਂ ਦੋ ਪੁੱਤਰ ਚਿੱਟਾ ਨਸ਼ਾ ਕਰਨ ਦੇ ਆਦੀ ਸਨ | ਅੱਜ ਪਿੰਡ ਦੇ ਬੱਸ ਅੱਡੇ 'ਚ ਜਿਸ ਨੌਜਵਾਨ ਨੇ ਫਾਹਾ ਲੈ ਕੇ ਮੌਤ ਨੂੰ ਗਲੇ ਲਾ ਲਿਆ, ਉਹ ਵੀ ਚਿੱਟੇ ਨਸ਼ੇ ਦਾ ਆਦੀ ਹੋਣ ਬਾਰੇ ਲੋਕਾਂ ਨੇ ਪੁਲਿਸ ਦੀ ਹਾਜ਼ਰੀ 'ਚ ਦੋਸ਼ ਲਾਏ | ਦਿਲਚਸਪ ਗੱਲ ਇਹ ਰਹੀ ਕਿ ਪਿੰਡ ਦੀਆਂ ਕੁਝ ਕੁੜੀਆਂ ਅਤੇ ਔਰਤਾਂ ਨੇ ਹਿੰਮਤ ਦਿਖਾਉਂਦਿਆਂ ਇਸ ਮੌਕੇ ਜਿੱਥੇ ਪੁਲਸ ਪ੍ਰਸ਼ਾਸ਼ਨ ਦੀ ਮਿਲੀਭੁਗਤ ਚਿੱਟਾ ਨਸ਼ਾ ਵਿਕਣ ਦੇ ਪੁਲਿਸ ਵਾਲਿਆਂ ਦੇ ਸਾਹਮਣੇ ਹੀ ਦੋਸ਼ ਲਾ ਦਿੱਤੇ, ਉੱਥੇ ਉਨ੍ਹਾਂ ਨੇ ਮੌਕੇ 'ਤੇ ਹਾਜ਼ਰ ਪਿੰਡ ਦੇ ਸਰਪੰਚ ਗੁਰਬਖਸ਼ ਸਿੰਘ ਨੂੰ ਵੀ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਉਸਨੇ ਪਿਛਲੇ ਦਿਨੀਂ ਕਿਸੇ ਸ਼ੋਸ਼ਲ ਮੀਡੀਆ ਚੈੱਨਲ 'ਤੇ ਕਿਹਾ ਸੀ ਕਿ ਉਨ੍ਹਾਂ ਦੇ ਪਿੰਡ ਕੋਈ ਨਸ਼ਾ ਨਹੀਂ ਵਿਕਦਾ | ਜਿਸ ਨੂੰ ਸੁਣ ਕੇ ਸਰਪੰਚ ਬੇਬੱਸ ਨਜ਼ਰ ਆਇਆ | 'ਅਜੀਤ' ਵਲੋਂ ਉਨ੍ਹਾਂ ਨੂੰ ਪੁੱਛਣ 'ਤੇ ਉਸ ਨੇ ਵੀ ਮੰਨਿਆ ਕਿ ਨਸ਼ਾ ਵਿਕਦਾ ਤਾਂ ਜ਼ਰੂਰ ਹੈ | ਇਸ ਮੌਕੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ | ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਪਿਛਲੇ ਦਿਨੀਂ ਇਕ ਨਸ਼ੇੜੀ ਨੌਜਵਾਨ ਦੀ ਮੌਤ ਸਬੰਧੀ ਪਿੰਡ ਦੇ ਹੀ ਇਕ ਪੱਤਰਕਾਰ ਵਲੋਂ ਖ਼ਬਰ ਪ੍ਰਕਾਸ਼ਿਤ ਕਰਨ ਕਾਰਨ ਉਸਨੂੰ ਧਮਕੀਆਂ ਮਿਲਣ ਦਾ ਮਾਮਲਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ ਅਤੇ ਅੱਜ ਇਕ ਹੋਰ ਨਸ਼ੇੜੀ ਨੌਜਵਾਨ ਦੀ ਹੋਈ ਮੌਤ ਕਾਰਨ ਪਿੰਡ ਰਸੂਲਪੁਰ ਵਿਖੇ ਚਿੱਟੇ ਦੇ ਚਲਦੇ ਕਾਰੋਬਾਰ ਦੀਆਂ ਪੁਲਿਸ ਦੀ ਹਾਜ਼ਰੀ 'ਚ ਹੀ ਪਰਤਾਂ ਖੋਲ੍ਹ ਦਿੱਤੀਆਂ | ਕੋਆਰਡੀਨੇਟਰ ਭਾਈ ਗੁਰਜੰਟ ਸਿੰਘ ਖ਼ਾਲਸਾ ਨੇ ਪਿੰਡ 'ਚ ਨਸ਼ਾ ਵਿਕਦਾ ਹੋਣ 'ਤੇ ਮੋਹਰ ਲਾਉਂਦਿਆਂ ਕਿਹਾ ਕਿ ਉਹ ਲੋਕਾਂ ਦੇ ਨਾਲ ਹਨ ਅਤੇ ਮਿਲਕੇ ਨਸ਼ੇ ਦੇ ਸੁਦਾਗਰਾਂ ਖਿਲਾਫ ਕਾਰਵਾਈ ਕਰਵਾਉਣਗੇ, ਲੋਕ ਦੱਸਣ ਕੇ ਕੌਣ ਵੇਚਦਾ ਹੈ ਤਾਂ ਲੋਕਾਂ ਨੇ ਕਿਹਾ ਕਿ ਨਾਂਅ ਦੱਸਣ ਵਾਲਿਆਂ ਨੂੰ ਨਸ਼ਾ ਤਸ਼ਕਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹਨ | ਉਕਤ ਔਰਤਾਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਆਰੰਭੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਇਕ ਡਰਾਮਾ ਹੈ |