ਸਿੱਧਵਾਂ ਬੇਟ, 5 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)-31 ਅਕਤੂਬਰ ਨੂੰ ਦਿਨ-ਦਿਹਾੜੇ ਜਗਰਾਉਂ ਸ਼ਹਿਰ ਦੇ ਡਾ. ਹਰੀ ਸਿੰਘ ਰੋਡ 'ਤੇ ਹੋਏ ਝਗੜੇ ਦੌਰਾਨ ਗੋਲੀ ਲੱਗਣ ਨਾਲ ਮੌਤ ਦੇ ਮੂੰਹ ਜਾ ਪਏ ਆਪਣੇ ਮਾਪਿਆਂ ਦੇ ਇਕਲੌਤੇ 26 ਸਾਲਾ ਕਬੱਡੀ ਖਿਡਾਰੀ ਤੇਜਪਾਲ ਸਿੰਘ ਖੈਹਿਰਾ ਪੁੱਤਰ ਰਘਵੀਰ ਸਿੰਘ ਖੈਹਿਰਾ ਨੂੰ ਅੱਜ ਉਸ ਦੇ ਜ਼ੱਦੀ ਪਿੰਡ ਗਿੱਦੜਵਿੰਡੀ ਵਿਖੇ ਸੈਂਕੜੇ ਲੋਕਾਂ ਨੇ ਅੰਤਿਮ ਵਿਦਾਇਗੀ ਦਿੱਤੀ | ਪਿੰਡ ਦੇ ਖੇਡ ਸਟੇਡੀਅਮ ਦੀ ਮਿੱਟੀ ਵਿੱਚ ਖੇਡ ਕੇ ਸਟਾਰ ਕਬੱਡੀ ਖਿਡਾਰੀ ਬਣਿਆ ਤੇਜਪਾਲ, ਆਖਿਰ ਇਸੇ ਸਟੇਡੀਅਮ ਦੀ ਮਿੱਟੀ ਵਿਚ ਵਿਲੀਨ ਹੋ ਗਿਆ | ਜਦੋਂ ਸਵੇਰੇ ਮਰਹੂਮ ਕਬੱਡੀ ਖਿਡਾਰੀ ਤੇਜਪਾਲ ਦੀ ਮਿ੍ਤਕ ਦੇਹ ਉਨ੍ਹਾਂ ਦੇ ਘਰ ਪੁੱਜੀ ਤਾਂ ਉਸ ਦੀ ਮਾਤਾ ਜਸਵਿੰਦਰ ਕੌਰ ਦੇ ਵਿਰਲਾਪ ਦੀਆਂ ਗੂੰਜਾਂ ਇਸ ਦੀ ਗਵਾਹੀ ਭਰ ਰਹੀਆਂ ਸਨ ਕਿ ਸੂਬੇ ਦਾ ਕੋਈ ਵੀ ਵਿਅਕਤੀ ਅੱਜ ਸੁਰੱਖਿਅਤ ਨਹੀਂ ਰਿਹਾ | ਇਸ ਮੌਕੇ ਉਸ ਦੀ ਆਪਣੀ ਉਮਰ ਹੰਡਾ ਚੁੱਕੀ ਦਾਦੀ ਦਾ ਵੀ ਰੋ-ਰੋ ਬੁਰਾ ਹਾਲ ਸੀ | ਆਪਣੇ ਗੁੱਟ 'ਤੇ ਸ਼ਗਨਾਂ ਦਾ ਗਾਨਾ ਬੰਨਣ ਤੋਂ ਪਹਿਲਾਂ ਹੀ ਲਾੜੀ ਮੌਤ 'ਦੇ ਗਲ ਲੱਗ ਗਏ ਮਰਹੂਮ ਕਬੱਡੀ ਖਿਡਾਰੀ ਨੂੰ ਅੰਤਿਮ ਵਿਦਾਇਗੀ ਦੇਣ ਤੋਂ ਪਹਿਲਾਂ ਵਿਆਹ ਵਾਲੇ ਲਾੜੇ ਵਾਂਗ ਤਿਆਰ ਕੀਤਾ ਗਿਆ | ਉਪਰੰਤ ਉਨ੍ਹਾਂ ਦੇ ਮਿ੍ਤਕ ਸਰੀਰ ਨੂੰ ਪੱਪੀ ਖੇਡ ਸਟੇਡੀਅਮ ਵਿਚ ਲਿਆਂਦਾ ਗਿਆ | ਇਸ ਮੌਕੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਮਰਹੂਮ ਖਿਡਾਰੀ ਦੇ ਮਿ੍ਤਕ ਸਰੀਰ 'ਤੇ ਦੁਸਾਲਾ ਪਾ ਕੇ ਪਰਿਵਾਰ ਨੂੰ ਦਿਲਾਸਾ ਦਿੱਤਾ | ਉਨ੍ਹਾਂ ਦੀ ਅੰਤਿਮ ਯਾਤਰਾ ਵਿਚ ਪ੍ਰੋ. ਸੁਖਵਿੰਦਰ ਸਿੰਘ ਮਾਣੂੰਕੇ, ਐਡਵੋਕੇਟ ਮਹਿੰਦਰ ਸਿੰਘ ਸਿੱਧਵਾਂ, ਸਰਪੰਚ ਸੁਖਦੇਵ ਸਿੰਘ ਗਿੱਦੜਵਿੰਡੀ, ਪ੍ਰਧਾਨ ਬਿੰਦਰ ਮਨੀਲਾ, ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਸਿੱਧਵਾਂ, ਸੁਰੇਸ ਕੁਮਾਰ ਗਰਗ, ਸਾਬਕਾ ਸਰਪੰਚ ਕੁਲਦੀਪ ਸਿੰਘ ਗਿੱਲ, ਕਾਂਗਰਸੀ ਆਗੂ ਮਨੀ ਗਰਗ, ਕਿਸਾਨ ਆਗੂ ਜੋਗਿੰਦਰ ਸਿੰਘ ਢਿੱਲੋਂ, ਸਰਪੰਚ ਪਰਮਿੰਦਰ ਸਿੰਘ ਟੂਸਾ, ਸਾਬਕਾ ਸਰਪੰਚ ਜਗਜੀਤ ਸਿੰਘ ਕਾਕੜ, ਸਰਪੰਚ ਪਰਦੀਪ ਸਿੰਘ ਤਿਹਾੜਾ, ਅਧਿਆਪਕ ਆਗੂ ਇੰਦਰਜੀਤ ਸਿੰਘ ਸਿੱਧੂ, ਕਿਸਾਨ ਆਗੂ ਬਚਿੱਤਰ ਸਿੰਘ ਜੌਹਲ, ਕਿਸਾਨ ਆਗੂ ਹਰਜੀਤ ਸਿੰਘ ਜੌਹਲ, ਸਵਰਨਜੀਤ ਸਿੰਘ ਗਿੱਲ, ਪੰਚ ਅਮਨਦੀਪ ਖੈਹਿਰਾ, ਕਿਸਾਨ ਆਗੂ ਰਬਿੰਦਰ ਸਿੰਘ ਸੋਢੀਵਾਲ, ਕੈਪਟਨ ਸੁਖਚੈਣ ਸਿੰਘ ਜੌਹਲ, ਅਨਮੋਲ ਸਿੰਘ ਪੰਜਗਰਾਂਈ, ਜਸਵੀਰ ਸਿੰਘ, ਪੰਚ ਅਜੈਬ ਸਿੰਘ, ਪੰਚ ਮਹਿੰਦਰ ਸਿੰਘ, ਪੰਚ ਗੁਰਦੀਪ ਸਿੰਘ, ਦਵਿੰਦਰ ਸਿੰਘ ਭੂਰਾ, ਮਲਕੀਤ ਸਿੰਘ, ਗੁਰਪ੍ਰੀਤ ਸਿੰਘ ਗੋਰਾ, ਹਰਦੀਪ ਸਿੰਘ ਖੈਹਿਰਾ ਤੋਂ ਇਲਾਵਾ ਵੱਡੀ ਗਿਣਤੀ 'ਚ ਹੋਰ ਨਜ਼ਦੀਕੀ ਰਿਸ਼ਤੇਦਾਰ, ਕਬੱਡੀ ਖਿਡਾਰੀ ਅਤੇ ਇਲਾਕੇ ਦੇ ਹੋਰ ਪਤਵੰਤੇ ਲੋਕਾਂ ਨੇ ਸ਼ਮੂਲੀਅਤ ਕਰਕੇ ਖੈਹਿਰਾ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ |