ਮੁੱਲਾਂਪੁਰ-ਦਾਖਾ, 5 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਯੂਨੀਵਰਸਿਟੀ ਦੀ ਚੁਣੀ ਹੋਈ ਸੈਨੇਟ ਅਤੇ ਸਿੰਡੀਕੇਟ ਨੂੰ ਕੇਂਦਰ ਦੀ ਫਾਸੀਵਾਦੀ ਹਕੂਮਤ ਵਲੋਂ ਗੈਰ-ਜ਼ਮਹੂਰੀ ਢੰਗ ਨਾਲ ਭੰਗ ਕਰ ਦੇਣਾ ਪੰਜਾਬੀਆਂ ਦੀ ਵਿਰਾਸਤ 'ਤੇ ਹਮਲਾ ਸਹਿਣ ਨਹੀਂ ਹੋਵੇਗਾ | ਇਹ ਪ੍ਰਗਟਾਵਾ ਪੰਜਾਬ ਯੂਨੀਵਰਸਿਟੀ ਦੀ ਚੁਣੀ ਹੋਈ ਸੈਨੇਟ ਤੇ ਸਿੰਡੀਕੇਟ ਭੰਗ ਕੀਤੇ ਜਾਣ ਬਾਅਦ ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਲੁਧਿਆਣਾ ਦੇ ਜ਼ਿਲ੍ਹਾ ਸਕੱਤਰ ਮਾ: ਜਸਦੇਵ ਸਿੰਘ ਲਲਤੋਂ ਵਲੋਂ ਕੀਤਾ | ਉਨ੍ਹਾਂ ਕਿਹਾ ਕਿ 90 ਮੈਂਬਰੀ ਸੈਨੇਟ ਨੂੰ 31 ਮੈਂਬਰੀ ਬਣਾ ਕੇ ਪੰਜਾਬ ਦੇ ਸੂਬਾਈ ਅਧਿਕਾਰਾਂ ਨੂੰ ਚਕਨਾਚੂਰ ਕਰਨ ਵਾਲੀ ਕੇਂਦਰ ਸਰਕਾਰ ਵਲੋਂ ਇਸ ਸੈਨੇਟ ਲਈ ਪੰਜਾਬ ਦਾ ਇਕ ਵੀ ਮੈਂਬਰ ਨਾ ਲੈਣਾ ਦੁਖਦਾਇਕ ਹੈ | ਜਸਦੇਵ ਸਿੰਘ ਲਲਤੋਂ ਕਿਹਾ ਕਿ ਸਾਡੀ ਜਥੇਬੰਦੀ 'ਪੰਜਾਬ ਯੂਨੀਵਰਸਿਟੀ ਬਚਾਓ' ਮੋਰਚੇ ਦਾ ਸਮਰਥਨ ਅਤੇ ਸਾਥ ਦੇਣ ਦਾ ਐਲਾਨ ਕਰਦੀ ਹੈ | ਲਲਤੋਂ ਵਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਯੂਨੀਵਸਿਟੀ ਦੇ ਵਿਵਾਦਪੂਰਨ ਹਲਫਨਾਮਾ ਨੂੰ ਵਾਪਿਸ ਕਰਵਾਉਣ ਲਈ ਪੰਜਾਬ ਵਿਧਾਨ ਸਭਾ 'ਚ ਵਿਸ਼ੇਸ਼ ਇਜ਼ਲਾਸ ਸੱਦ ਕੇ ਇਸ ਕਾਰਵਾਈ ਨੂੰ ਮੁੱਢੋਂ ਰੱਦ ਕੀਤਾ ਜਾਵੇ |