ਗੁਰੂਸਰ ਸੁਧਾਰ, 17 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਸਥਾਨਕ ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਗੁਰੂਸਰ ਸੁਧਾਰ ਵਿਖੇ ਰੰਗ-ਤਰੰਗ 2025 ਦੇ ਬੈਨਰ ਹੇਠ 18 ਸਕੂਲਾਂ ਦੇ 500 ਤੋਂ ਵਧੇਰੇ ਵਿਦਿਆਰਥੀਆਂ ਦੇ ਅਕਾਦਮਿਕ ਤੇ ਸੱਭਿਆਚਾਰਕ ਮੁਕਾਬਲੇ ਕਰਵਾਏ ਗਏ | ਇਸ ਮੌਕੇ ਕਾਲਜ ਪਿ੍ੰਸੀਪਲ ਸ: ਇੰਦਰਜੀਤ ਸਿੰਘ ਨੇ ਕਿਹਾ ਕਿ ਕਿਤਾਬੀ ਗਿਆਨ ਦੇ ਨਾਲ-ਨਾਲ ਵਿਦਿਆਰਥੀ ਜੀਵਨ ਦੌਰਾਨ ਮਿਲਣ ਵਾਲੇ ਅਜਿਹੇ ਮੌਕੇ ਵਿਦਿਆਰਥੀ ਦੀ ਸ਼ਖ਼ਸੀਅਤ ਉਸਾਰੀ ਵਿਚ ਵਡਮੁੱਲਾ ਯੋਗਦਾਨ ਪਾਉਂਦੇ ਹਨ ਤੇ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਸਮੇਤ ਅਕਾਦਮਿਕ, ਸੱਭਿਆਚਾਰਕ, ਖੇਡਾਂ ਆਦਿ ਗਤੀਵਿਧੀਆਂ ਤੋਂ ਬਿਨਾਂ ਸਮਾਜ ਅਤੇ ਦੇਸ਼ ਸੇਵਾ ਦੇ ਕਾਰਜਾਂ 'ਚ ਵਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ | ਪਿ੍ੰ: ਇੰਦਰਜੀਤ ਸਿੰਘ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਕਰਵਾਉਣ ਦੀ ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਸੁਧਾਰ ਦੀ ਲੰਮੀ ਪ੍ਰੰਪਰਾ ਰਹੀ ਹੈ ਜਿਸ ਦੇ ਚੱਲਦਿਆਂ ਸਾਡਾ ਕਾਲਜ ਅਨੇਕਾਂ ਜ਼ੋਨਲ ਤੇ ਯੂਨੀਵਰਸਿਟੀ ਪੱਧਰ ਦੇ ਯੂਥ ਫੈਸਟੀਵਲ ਵੀ ਕਰਵਾ ਚੁੱਕਾ ਹੈ | ਸਕੂਲੀ ਵਿਦਿਆਰਥੀਆਂ ਤੇ ਵਿਦਿਆਰਥਣਾਂ ਦੇ ਇਸ ਮੌਕੇ ਸੁੰਦਰ ਲਿਖਾਈ, ਦਸਤਾਰ ਸਜਾਉਣ, ਇਕ ਤਸਵੀਰ-ਮੇਰੀ ਕਹਾਣੀ, ਮੌਕੇ 'ਤੇ ਭਾਸ਼ਣ, ਪੋਸਟਰ ਬਣਾਉਣ, ਕਾਰਟੂਨਿੰਗ, ਮਹਿੰਦੀ, ਚਿਹਰਾ ਰੰਗਣ, ਲੋਕ ਗੀਤ (ਵਿਅਕਤੀਗਤ), ਨਾਚ (ਵਿਅਕਤੀਗਤ), ਸਮੂਹ ਨਾਚ, ਫੁੱਲਾਂ ਦੀ ਸਜਾਵਟ, ਵਰਕਿੰਗ ਮਾਡਲ, ਪੇਪਰ ਪੜ੍ਹਨ, ਰੰਗੋਲੀ, ਲੇਖ ਰਚਨਾ, ਪ੍ਰਸ਼ਨੋਤਰੀ, ਸਲਾਦ ਸਜਾਵਟ, ਕੁਝ ਵੀ ਬੇਕਾਰ ਨਹੀਂ ਆਦਿ ਸਮੇਤ ਹੋਰ ਕਈ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ | ਇਨ੍ਹਾਂ ਸਮੂਹ ਮੁਕਾਬਲਿਆਂ 'ਚ ਵਿਦਿਆਰਥੀਆਂ ਨੇ ਵੱਖ-ਵੱਖ ਢੰਗਾਂ ਰਾਹੀਂ ਖੂਬਸੂਰਤ ਸਮਾਜ ਉਸਾਰੀ, ਵਿਸ਼ਵ-ਸ਼ਾਂਤੀ, ਆਪਸੀ ਭਾਈਚਾਰਕ ਸਾਂਝ ਆਦਿ ਦਾ ਬਾਖ਼ੂਬੀ ਸੁਨੇਹਾ ਦਿੱਤਾ | ਕਾਲਜ ਗਵਰਨਿੰਗ ਕੌਂਸਲ ਪ੍ਰਧਾਨ ਸ: ਮਨਜੀਤ ਸਿੰਘ ਗਿੱਲ ਤੇ ਸਕੱਤਰ ਡਾ. ਐੱਸ. ਐੱਸ. ਥਿੰਦ ਨੇ ਸਫ਼ਲਤਾਪੂਰਵਕ ਕਰਵਾਏ ਰੰਗ-ਤਰੰਗ ਪ੍ਰੋਗਰਾਮ ਲਈ ਅਧਿਆਪਕਾਂ ਦੇ ਵਿਦਿਆਰਥੀਆਂ ਨੂੰ ਹਾਰਦਿਕ ਵਧਾਈ ਦਿੱਤੀ | ਬਰਾਡਵੇਅ ਪਬਲਿਕ ਸਕੂਲ ਮਨਾਲ (ਬਰਨਾਲਾ) ਨੇ 154 ਅੰਕਾਂ ਨਾਲ ਓਵਰਆਲ ਟਰਾਫ਼ੀ ਜਿੱਤੀ ਜਦ ਕਿ ਸੁਆਮੀ ਰੂਪ ਚੰਦ ਜੈਨ ਸ. ਸ. ਪ. ਸ. ਜਗਰਾਉਂ 98 ਅੰਕਾਂ ਨਾਲ ਦੂਜੇ ਸਥਾਨ 'ਤੇ ਰਿਹਾ | ਸਾਰੇ ਵਿਦਿਆਰਥੀਆਂ ਨੂੰ ਸਰਟੀਫ਼ਿਕੇਟ ਤੇ ਜੇਤੂ ਵਿਦਿਆਰਥੀਆਂ ਨੂੰ ਤਗਮਿਆਂ ਨਾਲ ਸਨਮਾਨਿਤ ਕੀਤਾ | ਪ੍ਰੋਗਰਾਮ ਕੋਆਰਡੀਨੇਟਰ ਪ੍ਰੋ: ਐੱਸ. ਕੇ. ਗੁਪਤਾ ਤੇ ਡਾ. ਰਾਜਿੰਦਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ | ਮੰਚ ਸੰਚਾਲਨ ਦੀ ਭੂਮਿਕਾ ਡਾ. ਸੋਹਨ ਸਿੰਘ ਤੇ ਡਾ. ਜਸਪ੍ਰੀਤ ਕੌਰ ਗੁਲਾਟੀ ਵਲੋਂ ਨਿਭਾਈ ਗਈ |