ਚੌਂਕੀਮਾਨ, 17 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਬਠਿੰਡਾ ਵਿਖੇ ਹੋਈਆਂ 69ਵੀਂਆਂ ਅੰਤਰ ਜ਼ਿਲ੍ਹਾ ਪੰਜਾਬ ਰਾਜ ਸਕੂਲ ਖੇਡਾਂ 2025-26 'ਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੰਗ ਚਚਰਾੜੀ ਨੇ ਸਰਕਾਰੀ ਹਾਈ ਸਕੂਲ ਚਚਰਾੜੀ ਵਲੋਂ ਸ਼ਾਨਦਾਰ ਖੇਡਦਿਆਂ ਤੀਜਾ ਸਥਾਨ ਪ੍ਰਾਪਤ ਕਰਕੇ ਸਿਲਵਰ ਮੈਡਲ ਜਿੱਤਿਆ ਹੈ | ਚਚਰਾੜੀ ਸਕੂਲ ਨੇ ਲਗਾਤਾਰ ਤਿੰਨ ਸਾਲ ਇਸ ਮੈਡਲ 'ਤੇ ਕਬਜ਼ਾ ਕਰਕੇ ਆਪਣੀ ਚੜ੍ਹਤ ਬਰਕਰਾਰ ਰੱਖੀ ਹੈ | ਅੱਜ ਜਦੋਂ ਹਾਕੀ ਟੀਮ ਜਿੱਤ ਹਾਸਲ ਕਰਕੇ ਪਿੰਡ ਪਹੁੰਚੀ ਤਾਂ ਪਿੰਡ ਵਾਸੀਆਂ ਨੇ ਆਪਣੇ ਸਕੂਲ ਦੇ ਹੋਣਹਾਰ ਖਿਡਾਰੀਆਂ ਦਾ ਸ਼ਾਨਦਾਰ ਢੰਗ ਨਾਲ ਸਵਾਗਤ ਕੀਤਾ | ਖਿਡਾਰੀਆਂ ਦੀ ਆਮਦ 'ਤੇ ਜਿੱਤ ਦੇ ਜਸ਼ਨਾਂ ਮੌਕੇ ਖਿਡਾਰੀਆਂ ਨੇ ਭੰਗੜੇ ਪਾ ਕੇ ਜਿੱਤ ਦੀ ਖੁਸ਼ੀ ਮਨਾਈ | ਇਸ ਉਪਰੰਤ ਖਿਡਾਰੀਆਂ ਨੂੰ ਇਕ ਖੁੱਲ੍ਹੇ ਵਹੀਕਲ 'ਚ ਖੜ੍ਹਾ ਕੇ ਪਿੰਡ ਦਾ ਚੱਕਰ ਵੀ ਲਾਇਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਸਿਮਲਜੀਤ ਕੌਰ ਨੇ ਸਮੂਹ ਖਿਡਾਰੀਆਂ ਨੂੰ ਸ਼ਾਨਦਾਰ ਜਿੱਤ ਲਈ ਵਧਾਈ ਭੇਟ ਕੀਤੀ | ਇਸ ਮੌਕੇ ਪਿੰਡ ਦੇ ਸਰਪੰਚ ਜਸਵਿੰਦਰ ਕੌਰ ਦੇ ਪਤੀ ਗੁਰਚਰਨ ਸਿੰਘ ਨੇ ਜੇਤੂ ਵਿਦਿਆਰਥੀਆਂ ਦੀ ਮਾਣਮੱਤੀ ਪ੍ਰਾਪਤੀ 'ਤੇ ਨਾਜ਼ ਕਰਦਿਆਂ ਆਖਿਆ ਕਿ ਇਹ ਨੰਨੇ੍ਹ ਖਿਡਾਰੀ ਇਕ ਦਿਨ ਅਜਿਹੇ ਮੁਕਾਮ 'ਤੇ ਪੁੱਜਣਗੇ ਪੂਰਾ ਦੇਸ਼ ਇੰਨ੍ਹਾਂ ਦੀ ਖੇਡ 'ਤੇ ਮਾਣ ਮਹਿਸੂਸ ਕਰੇਗਾ | ਉਨ੍ਹਾਂ ਕਿਹਾ ਕਿ ਸਮੁੱਚੇ ਪਿੰਡ ਚਚਰਾੜੀ ਨੂੰ ਇਨ੍ਹਾਂ ਮਾਣਮੱਤੇ ਖਿਡਾਰੀਆਂ ਤੋਂ ਭਵਿੱਖ ਵਿਚ ਢੇਰ ਸਾਰੀਆਂ ਉਮੀਦਾਂ ਹਨ | ਉਨ੍ਹਾਂ ਕਿਹਾ ਕਿ ਇਸ ਜਿੱਤ ਦਾ ਸਿਹਰਾ ਕੋਚ ਸੁਖਵਿੰਦਰ ਸਿੰਘ ਕਾਕਾ, ਕੁਲਵਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਸਮਰਾ ਦੀ ਮਿਹਨਤ ਸਿਰ ਬੱਝਦਾ ਹੈ | ਇਸ ਮੌਕੇ ਕੋਚ ਸੁਖਵਿੰਦਰ ਸਿੰਘ ਕਾਕਾ ਨੇ ਆਖਿਆ ਕਿ ਸਰਕਾਰੀ ਹਾਈ ਸਕੂਲ ਚਚਰਾੜੀ ਦੇ ਵਿੰਗ ਨੇ ਪੂਰੇ ਪੰਜਾਬ ਅੰਦਰ ਪੈਰ ਪਸਾਰ ਲਏ ਹਨ | ਉਨ੍ਹਾਂ ਕਿਹਾ ਕਿ ਰਾਊਾਡ ਗਰਾਸ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ ਬਹਾਦਰ ਹਾਕੀ ਅਕੈਡਮੀ ਇਕ ਦਿਨ ਹਾਕੀ ਦੀ ਨਰਸਰੀ ਵਜੋਂ ਵਿਕਸਿਤ ਹੋਵੇਗੀ ਤੇ ਇਸ ਅਕੈਡਮੀ 'ਚ ਉੱਚ ਕੋਟੀ ਦੇ ਖਿਡਾਰੀ ਪੈਦਾ ਹੋਣਗੇ | ਇਸ ਮੌਕੇ ਜਗਦੀਪ ਸਿੰਘ ਸਪੋਰਟਸ ਪ੍ਰਧਾਨ, ਕੈਪਟਨ ਨਿਰਮਲ ਸਿੰਘ, ਕੁਲਵਿੰਦਰ ਸਿੰਘ ਕੋਚ, ਦਲਜੀਤ ਸਿੰਘ ਸਾਬਕਾ ਸਰਪੰਚ, ਹੈਪੀ ਸਿੰਘ, ਦਵਿੰਦਰ ਸਿੰਘ, ਪ੍ਰਮਿੰਦਰ ਸਿੰਘ ਬੰਟੀ, ਕੁਲਦੀਪ ਸਿੰਘ ਏ.ਐੱਸ.ਆਈ, ਜਤਿੰਦਰ ਸਿੰਘ ਆੜ੍ਹਤੀਆ, ਮਲਕੀਤ ਸਿੰਘ ਸਾਬਕਾ ਸਰਪੰਚ, ਜਸਮੇਲ ਸਿੰਘ ਪ੍ਰਧਾਨ ਕੋਆਪ੍ਰੇਟਿਵ ਸੁਸਾਇਟੀ, ਮਨਜੀਤ ਸਿੰਘ ਪੰਚ, ਦਵਿੰਦਰ ਸਿੰਘ ਗੱਬਰ ਆਦਿ ਹਾਜ਼ਰ ਸਨ |