ਡਡਵਿੰਡੀ, 17 ਅਕਤੂਬਰ (ਦਿਲਬਾਗ ਸਿੰਘ ਝੰਡ)-ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਮਾਸਟਰ ਕੇਡਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਾਸਟਰ ਨਰੇਸ਼ ਕੋਹਲੀ, ਅਧਿਆਪਕ ਦਲ ਦੇ ਆਗੂ ਹਰਦੇਵ ਸਿੰਘ ਖਾਨੋਵਾਲ ਅਤੇ ਜੀ.ਟੀ.ਯੂ. ਦੇ ਮੈਂਬਰ ਧਰਮਿੰਦਰ ਮੱਲੀ ਨੇ ਕਿਹਾ ਕਿ ਮਿਡਲ ਤੇ ਪ੍ਰਾਇਮਰੀ ਸਕੂਲਾਂ ਵਿਚ ਪਿਛਲੇ 18 ਸਾਲਾਂ ਤੋਂ ਕੰਮ ਕਰ ਰਹੇ ਇੰਚਾਰਜ ਅਧਿਆਪਕਾਂ ਨੂੰ ਮੁੱਖ ਅਧਿਆਪਕ ਦੇ ਭੱਤੇ ਦੇਣ ਸਮੇਤ ਪੁਰਾਣੀ ਪੈਨਸ਼ਨ ਸਕੀਮ, ਪੇਂਡੂ ਭੱਤੇ ਦੀ ਬਹਾਲੀ, ਡੀ.ਏ. ਦੀ ਬਕਾਇਆ ਕਿਸ਼ਤਾਂ ਤੁਰੰਤ ਜਾਰੀ ਕੀਤੇ ਜਾਣ | ਉਨ੍ਹਾਂ ਮੰਗ ਕੀਤੀ ਹੈ ਕਿ ਦੀਵਾਲੀ ਤੋਂ ਪਹਿਲਾਂ ਮੁਲਾਜ਼ਮਾਂ ਦਾ ਡੀ.ਏ. ਤੇ ਪੁਰਾਣੀ ਪੈਨਸ਼ਨ ਸਕੀਮ ਜ਼ਰੂਰ ਬਹਾਲ ਕੀਤੀ ਜਾਵੇ | ਮਾਸਟਰ ਨਰੇਸ਼ ਕੋਹਲੀ ਨੇ ਦੱਸਿਆ ਕਿ ਪੈਨਸ਼ਨ ਉੱਪਰ ਹਰ ਕਰਮਚਾਰੀ ਦਾ ਹੱਕ ਹੈ ਤੇ ਪੈਨਸ਼ਨ ਹੀ ਬੁਢਾਪੇ ਦਾ ਇੱਕ ਮਾਤਰ ਸਹਾਰਾ ਹੈ | ਇਸ ਲਈ ਸੂਬਾ ਸਰਕਾਰ ਨੂੰ ਆਪਣੇ ਵਾਅਦੇ ਅਨੁਸਾਰ ਪੈਨਸ਼ਨ ਨੂੰ ਬਹਾਲ ਕਰ ਦੇਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਸੂਬੇ ਦੇ ਹਰ ਕਰਮਚਾਰੀ ਨੇ ਆਮ ਆਦਮੀ ਪਾਰਟੀ ਦੇ ਹੱਕ ਵਿਚ ਵੋਟਾਂ ਪਾ ਕੇ ਉਮੀਦਾਂ ਦੀ ਸਰਕਾਰ ਬਣਾਈ ਸੀ | ਉਨ੍ਹਾਂ ਡੀ ਏ ਦੀ ਕਿਸ਼ਤ, ਪੇਂਡੂ ਭੱਤਾ, ਬਾਰਡਰ ਏਰੀਆ ਭੱਤਾ ਦੀ ਮੰਗ ਨੂੰ ਦੁਹਰਾਉਂਦੇ ਕਿਹਾ ਕਿ ਉਮੀਦ ਹੈ ਕਿ ਸਰਕਾਰ ਦੀਵਾਲੀ ਤੋਂ ਪਹਿਲਾਂ ਪੈਨਸ਼ਨ, ਪੇਂਡੂ ਭੱਤਾ ਡੀ.ਏ. ਤੋਹਫ਼ਾ ਜ਼ਰੂਰ ਦੇ ਦੇਵੇਗੀ | ਯੂਨੀਅਨ ਆਗੂਆਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਆਪਣੇ ਸਾਢੇ ਤਿੰਨ ਦੇ ਕਾਰਜਕਾਲ ਵਿਚ ਅਧਿਆਪਕਾਂ ਨੂੰ ਨਿਰਾਸ਼ ਤੇ ਉਦਾਸ ਕੀਤਾ ਹੈ | ਸੂਬਾ ਆਗੂ ਹਰਦੇਵ ਸਿੰਘ ਖਾਨੋਵਾਲ, ਤਰਮਿੰਦਰ ਮੱਲੀ ਨੇ ਲਟਕਦੀਆਂ ਹੱਕੀ ਮੰਗਾਂ ਨੂੰ ਲੈ ਕੇ ਅਧਿਆਪਕਾਂ ਵਿਚ ਪਾਈ ਜਾ ਰਹੀ ਨਿਰਾਸ਼ਾ ਨੂੰ ਦੂਰ ਕਰਨ ਦੀ ਅਪੀਲ ਕੀਤੀ | ਇਸ ਮੌਕੇ ਰਕੇਸ਼ ਜੱਬੋਵਾਲ, ਸੰਦੀਪ ਦੁਰਗਾਪੁਰ, ਹਰੀਸ਼ ਕੁਮਾਰ, ਇੰਦਰਵੀਰ, ਅਨਿਲ ਭਾਟੀਆ, ਗੋਪਾਲ ਕਿ੍ਸ਼ਨ, ਦੀਦਾਰ ਸਿੰਘ, ਸੂਰਤ ਸਿੰਘ, ਕੁਸ਼ਲ ਗੁਜਾਲ, ਦਰਸ਼ਨ ਲਾਲ ਤੇ ਜਤਿੰਦਰ ਚਾਵਲਾ ਆਦਿ ਹਾਜ਼ਰ ਸਨ |